ਜ਼ਿਲੇ ''ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ

12/07/2017 10:49:57 AM

ਬਠਿੰਡਾ (ਸੁਖਵਿੰਦਰ)-ਵਧੀਕ ਜ਼ਿਲਾ ਮੈਜਿਸਟਰੇਟ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸਾਂ ਦੀ ਓਵਰਲੋਡਿੰਗ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ 'ਤੇ ਰੱਖਣ ਸਮੇਂ ਸੂਚਨਾ, ਕੈਮਿਸਟ ਨੂੰ ਬਿਨਾਂ ਡਾਕਟਰੀ ਪਰਚੀ ਦੇ ਦਵਾਈਆਂ ਵੇਚਣ ਦੀ ਮਨਾਹੀ, ਲਿਖਤੀ ਪ੍ਰਵਾਨਗੀ ਤੋਂ ਬਿਨਾਂ ਕੱਚੀਆਂ ਖੂਹੀਆਂ ਪੁੱਟਣ 'ਤੇ ਪਾਬੰਦੀ, ਹਵਾਈ ਅੱਡੇ ਦੇ ਘੇਰੇ ਤੋਂ 2 ਕਿਲੋਮੀਟਰ ਅੰਦਰ ਪਤੰਗਾਂ ਆਦਿ ਦੀ ਵਰਤੋਂ 'ਤੇ ਪੂਰਨ ਪਾਬੰਦੀ, ਜ਼ਿਲੇ 'ਚ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ, ਲਾਊਡ ਸਪੀਕਰਾਂ ਦੀ ਉਚੀ ਆਵਾਜ਼ 'ਤੇ ਪਾਬੰਦੀ ਦੇ ਹੁਕਮ ਹਨ।
ਇਸੇ ਤਰ੍ਹਾਂ ਇਕ ਹੋਰ ਹੁਕਮ ਰਾਹੀਂ ਜ਼ਿਲਾ ਬਠਿੰਡਾ ਵਿਖੇ ਆਰਕੈਸਟਰਾ, ਬੈਂਡ, ਡੀ. ਜੇ. ਅਤੇ ਧਾਰਮਕ ਥਾਵਾਂ 'ਤੇ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਰਾਤ 10 ਤੋਂ ਸਵੇਰੇ 6 ਵਜੇ ਤੱਕ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਲਾਊਡ ਸਪੀਕਰਾਂ ਦੀ ਆਵਾਜ਼ ਵਿਆਹ ਵਾਲੇ ਘਰਾਂ ਤੇ ਮੈਰਿਜ ਪੈਲੇਸਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਸਾਰੇ ਹੁਕਮ 4 ਦਸੰਬਰ 2017 ਤੋਂ 3 ਫਰਵਰੀ 2018 ਤੱਕ ਲਾਗੂ ਰਹਿਣਗੇ।