ਖੁਰਾਕ ਦੀ ਘਾਟ ਦੇ ਸ਼ਿਕਾਰ ਬੱਚਿਆਂ ਦੀ ਕੀਤੀ ਜਾਵੇ ਪਛਾਣ : ਕੇਸ਼ਵ ਹਿੰਗੋਨੀਆ

11/29/2017 11:32:46 AM


ਫ਼ਰੀਦਕੋਟ (ਹਾਲੀ) - ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਹਿੰਗੋਨੀਆ ਨੇ ਕਿਹਾ ਕਿ ਜ਼ਿਲੇ 'ਚ ਖੁਰਾਕ ਦੀ ਘਾਟ ਦੇ ਸ਼ਿਕਾਰ ਬੱਚਿਆਂ ਦੀ ਪਛਾਣ ਕਰ ਕੇ ਇਸ ਦੀ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਕੀਤੀ ਜਾਵੇ ਤਾਂ ਕਿ ਇਨ੍ਹਾਂ ਨੂੰ ਬਣਦਾ ਨਿਊਟ੍ਰੀਸ਼ਨ ਉਪਲੱਬਧ ਕਰਵਾਇਆ ਜਾ ਸਕੇ। ਉਨ੍ਹਾਂ ਨੇ ਇਹ ਹਦਾਇਤ ਸਿਹਤ ਤੇ ਪਰਿਵਾਰ, ਇਸਤਰੀ ਤੇ ਬਾਲ ਵਿਕਾਸ, ਸਿੱਖਿਆ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਮਧੂਮੀਤ ਕੌਰ ਅਤੇ ਐੱਸ. ਡੀ. ਐੱਮ. ਫ਼ਰੀਦਕੋਟ ਗੁਰਜੀਤ ਸਿੰਘ ਹਾਜ਼ਰ ਸਨ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2015-16 ਦੌਰਾਨ ਭਾਰਤ ਸਰਕਾਰ ਵੱਲੋਂ ਜ਼ਿਲਾ ਫ਼ਰੀਦਕੋਟ ਦੇ 0-5 ਸਾਲ ਦੇ ਬੱਚਿਆਂ ਦਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਕੀਤਾ ਗਿਆ ਸੀ ਅਤੇ ਬੀਤੇ ਦਿਨੀਂ ਵੀਡਿਓ ਕਾਨਫਰੰਸ ਰਾਹੀਂ ਵੀ ਇਸ ਸਬੰਧੀ ਵਿਚਾਰ-ਚਰਚਾ ਕੀਤੀ ਗਈ, ਜਿਸ ਵਿਚ ਕੁਝ ਬੱਚਿਆਂ ਦਾ ਕੱਦ ਛੋਟਾ ਤੇ ਭਾਰ ਘੱਟ ਸੀ। ਉਨ੍ਹਾਂ ਕਿਹਾ ਕਿ ਹੁਣ ਜ਼ਿਲੇ ਦੇ ਬੱਚਿਆਂ ਨੂੰ ਨਿਊਟ੍ਰੀਸ਼ਨ ਦੇਣ ਦੇ ਨਾਲ-ਨਾਲ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। 
ਇਸ ਅਧੀਨ ਸਬੰਧਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਘਰ-ਘਰ ਜਾ ਕੇ ਸਰਵੇ ਕਰਨਗੇ। ਤੇ ਬੱਚਿਆਂ ਦੇ ਕੱਦ ਤੇ ਭਾਰ ਜਾਂਚਣਗੇ। ਉਨ੍ਹਾਂ ਦੱਸਿਆ ਕਿ ਇਕ 3 ਮਹੀਨਿਆਂ ਦੀ ਬੱਚੀ ਦਾ ਭਾਰ 5 ਕਿਲੋ 400 ਗ੍ਰਾਮ ਹੋਣਾ ਜ਼ਰੂਰੀ ਹੈ ਜਦਕਿ ਉਸ ਦਾ ਕੱਦ 60 ਸੈਂਟੀਮੀਟਰ ਤੱਕ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਜੋ ਬੱਚੇ ਇਸ ਪੈਮਾਨੇ 'ਤੇ ਘੱਟ ਪਾਏ ਜਾਣਗੇ। ਉਨ੍ਹਾਂ ਨੂੰ ਫੌਲਿਕ ਐਸਿਡ ਦੀ ਗੋਲੀਆਂ, ਪੌਸ਼ਟਿਕ ਆਹਾਰ ਜਿਸ ਵਿਚ ਪੰਜੀਰੀ ਤੇ ਦਲੀਆ ਸ਼ਾਮਲ ਹਨ, ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਕਟਰ ਦੀ ਜਾਂਚ ਉਪਰੰਤ ਜ਼ਰੂਰੀ ਦਵਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਜਲਦ ਮੁਕੰਮਲ ਕਰ ਲਿਆ ਜਾਵੇ। 
ਇਸ ਮੌਕੇ ਸਮਾਜਿਕ ਸੁਰੱਖਿਆ ਅਫਸਰ ਛਿੰਦਰਪਾਲ ਕੌਰ, ਡਾ. ਸੰਜੀਵ ਸੇਠੀ, ਡਾ. ਮਨਜੀਤ ਭੱਲਾ, ਡਾ. ਮੁਰਾਰੀ ਲਾਲ ਅਤੇ ਹੋਰ ਹਾਜ਼ਰ ਸਨ।