ਮਗਨਰੇਗਾ ਤਹਿਤ ਹੁਣ ਤੱਕ 16.88 ਕਰੋੜ ਰੁਪਏ ਕੀਤੇ ਖਰਚ: ਏ. ਡੀ. ਸੀ.

01/02/2018 2:01:02 PM

ਕਪੂਰਥਲਾ (ਗੁਰਵਿੰਦਰ ਕੌਰ)— ਜ਼ਿਲਾ ਕਪੂਰਥਲਾ 'ਚ ਮਗਨਰੇਗਾ ਤਹਿਤ ਸਾਲ 2017-18 ਦੌਰਾਨ ਹੁਣ ਤੱਕ 16.88 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਗਨਰੇਗਾ ਅਧੀਨ ਕੁੱਲ 32,291 ਜਾਬ ਕਾਰਡ ਹੋਲਡਰ ਰਜਿਸਟਰਡ ਹਨ, ਜਿਨ੍ਹਾਂ ਵਿਚੋਂ 17,306 ਪਰਿਵਾਰਾਂ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ ਰੁਜ਼ਗਾਰ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਅੱਜ ਯੋਜਨਾ ਭਵਨ ਵਿਖੇ ਮਗਨਰੇਗਾ ਅਧੀਨ ਜ਼ਿਲੇ 'ਚ ਕੀਤੇ ਗਏ ਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਕੀਤਾ। 
ਉਨ੍ਹਾਂ ਨੇ ਦੱਸਿਆ ਕਿ ਜ਼ਿਲੇ 'ਚ ਸਫਲਤਾਪੂਰਵਕ ਚੱਲ ਰਹੀ ਮਗਨਰੇਗਾ ਯੋਜਨਾ ਨੂੰ ਇਸ ਸਾਲ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ, ਜਿਸ ਨਾਲ ਜਿਥੇ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਵੇਗਾ, ਉਥੇ ਹੀ ਲੋਕਾਂ ਨੂੰ ਵੱਡੀ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਹੋਣਗੇ। 
ਏ. ਡੀ. ਸੀ. ਭੁੱਲਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ 'ਚ ਸਾਲ 2017-18 ਦੌਰਾਨ ਗ੍ਰਾਮ ਪੰਚਾਇਤਾਂ 'ਚ 27 ਪਾਰਕਾਂ ਦੀ ਉਸਾਰੀ ਦੇ ਕੰਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਖੇਡ ਦੇ ਮੈਦਾਨਾਂ ਦੇ 55, ਕੈਟਲ ਸ਼ੈੱਡ ਤਿਆਰ ਕਰਨ ਦੇ 31, ਫਾਰਮ ਪੌਂਡ ਦੇ 31, ਸ਼ੋਕੇਜ਼ ਪਿੱਟਜ਼ ਦੇ 128, ਕਿਸਾਨਾਂ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਨਦੀਨ ਕੰਪੋਸਟ ਦੇ 25 ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਜ਼ਿਲੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਵਿੱਤੀ ਵਰ੍ਹੇ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਟੀਚਿਆਂ ਅਨੁਸਾਰ ਫੰਡ ਖਰਚ ਕਰਨ ਤੇ ਕੰਮਾਂ 'ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੇ ਕੰਮਾਂ ਦੀ ਲਗਾਤਾਰ ਜਾਂਚ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਮਗਨਰੇਗਾ ਅਧਿਕਾਰੀਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਮਿੱਥੇ ਟੀਚਿਆਂ ਅਨੁਸਾਰ ਪੂਰੀ ਮਿਹਨਤ, ਲਗਨ ਨਾਲ ਦਿਲ ਲਾ ਕੇ ਕੰਮ ਕਰਨ। ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਵਰਕਰਾਂ ਦਾ ਸਨਮਾਨ ਕੀਤਾ ਜਾਵੇਗਾ। 
ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਲਾਲ ਕੁੰਡਲ, ਆਈ. ਟੀ. ਮੈਨੇਜਰ (ਨ) ਰਾਜੇਸ਼ ਰਾਏ, ਇਨਵੈਸਟੀਗੇਟਰ ਸਾਹਿਲ ਓਬਰਾਏ, ਬੀ. ਡੀ. ਪੀ. ਓ. ਸੇਵਾ ਸਿੰਘ, ਸਤੀਸ਼ ਕੁਮਾਰ, ਕੁਲਦੀਪ ਕੌਰ ਤੇ ਪਰਗਟ ਸਿੰਘ ਸਿੱਧੂ ਤੋਂ ਇਲਾਵਾ ਸਾਰੇ ਬਲਾਕਾਂ ਦੇ ਏ. ਪੀ. ਓਜ਼ ਤੇ ਜੀ. ਆਰ. ਐੱਸ. ਹਾਜ਼ਰ ਸਨ।