ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਸਪਾਈਸ ਜੈੱਟ, ਇਹ ਹੋਵੇਗਾ ਸ਼ਡਿਊਲ

11/20/2020 11:06:18 AM

ਜਲੰਧਰ (ਸਲਵਾਨ)— ਲਗਭਗ 8 ਮਹੀਨਿਆਂ ਦੀ ਲੰਮੀ ਉਡੀਕ ਤੋਂ ਬਾਅਦ ਅੱਜ ਯਾਨੀ 20 ਨਵੰਬਰ ਤੋਂ ਸਪਾਈਸ ਜੈੱਟ ਫਲਾਈਟ ਜਲੰਧਰ ਦੇ ਆਦਪੁਰ ਸਿਵਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰਨ ਜਾ ਰਹੀ ਹੈ। ਵਿੰਟਰ ਸ਼ਡਿਊਲ ਮੁਤਾਬਕ ਇਹ ਫਲਾਈਟ ਜਲੰਧਰ ਦੇ ਆਦਮਪੁਰ ਤੋਂ ਦਿੱਲੀ ਲਈ ਹਫ਼ਤੇ 'ਚ 3 ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ। ਆਦਮਪੁਰ ਤੋਂ ਦਿੱਲੀ ਦੀ ਸਪਾਈਸ ਜੈੱਟ ਫਲਾਈਟ ਲਾਕਡਾਊਨ ਲੱਗਣ ਕਾਰਨ ਬਾਅਦ ਮਾਰਚ ਮਹੀਨੇ ਤੋਂ ਰੱਦ ਹੈ। ਇਸ ਦੌਰਾਨ ਸਿਰਫ਼ 2 ਵਾਰ ਹੀ ਸਪਾਈਸ ਜੈੱਟ ਦੀ ਫਲਾਈਟ ਉਡਾਣ ਭਰ ਸਕੀ ਅਤੇ ਯਾਤਰੀਆਂ ਦੀ ਬੁਕਿੰਗ ਹੋਣ ਦੇ ਬਾਵਜੂਦ ਕਈ ਵਾਰ ਤਕਨੀਕੀ ਕਾਰਨ ਦੱਸਦਿਆਂ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਸੀ।

ਵਿੰਟਰ ਸ਼ਡਿਊਲ ਮੁਤਾਬਕ 20 ਤੋਂ 22 ਨਵੰਬਰ ਤੱਕ ਸਪਾਈਸ ਜੈੱਟ ਫਲਾਈਟ ਐੱਸ. ਜੀ. 2404 ਸਵੇਰੇ 9 ਵੱਜ ਕੇ 30 ਮਿੰਟ 'ਤੇ ਦਿੱਲੀ ਤੋਂ ਉਡਾਣ ਭਰੇਗੀ ਅਤੇ ਸਵੇਰੇ 10 ਵੱਜ ਕੇ 30 ਮਿੰਟ 'ਤੇ ਆਦਮਪੁਰ ਪੁਹੰਚੇਗੀ। ਅੱਧਾ ਘੰਟਾ ਆਦਮਪੁਰ 'ਚ ਰੁਕਣ ਤੋਂ ਬਾਅਦ ਸਪਾਈਸ ਜੈੱਟ ਫਲਾਈਟ ਸਵੇਰੇ 11 ਵਜੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਦੁਪਹਿਰ 12 ਵੱਜ ਕੇ 10 ਮਿੰਟ 'ਤੇ ਦਿੱਲੀ ਪਹੁੰਚੇਗੀ।

27 ਨਵੰਬਰ ਤੋਂ ਨਵਾਂ ਸਮਾਂ
20 ਤੋਂ 22 ਨਵੰਬਰ ਤੱਕ ਹਫ਼ਤੇ 'ਚ 3 ਦਿਨ ਉਡਾਣ ਭਰਨ ਤੋਂ ਬਾਅਦ 27 ਨਵੰਬਰ ਤੋਂ ਨਵੇਂ ਵਿੰਟਰ ਸ਼ਡਿਊਲ ਮੁਤਾਬਕ ਸਪਾਈਸ ਜੈੱਟ ਫਲਾਈਟ ਦੁਪਹਿਰ 2 ਵੱਜ ਕੇ 40 ਮਿੰਟ 'ਤੇ ਦਿੱਲੀ ਤੋਂ ਉਡਾਣ ਭਰੇਗੀ ਅਤੇ ਦੁਪਹਿਰ 3 ਵੱਜ ਕੇ 45 ਮਿੰਟ 'ਤੇ ਆਦਮਪੁਰ ਪਹੁੰਚੇਗੀ। 20 ਮਿੰਟ ਆਦਮਪੁਰ ਵਿਚ ਰੁਕਣ ਤੋਂ ਬਾਅਦ ਦੁਪਹਿਰ 4 ਵੱਜ ਕੇ 05 ਮਿੰਟ 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਸ਼ਾਮ 5 ਵੱਜ ਕੇ 20 ਮਿੰਟ 'ਤੇ ਦਿੱਲੀ ਪਹੁੰਚੇਗੀ।

ਆਦਮਪੁਰ ਤੋਂ ਮੁੰਬਈ ਸਪਾਈਸ ਜੈੱਟ ਫਲਾਈਟ ਦਾ ਸਮਾਂ ਬਦਲਿਆ
ਤਿਉਹਾਰੀ ਸੀਜ਼ਨ ਦੌਰਾਨ ਸਪਾਈਸ ਜੈੱਟ ਫਲਾਈਟ ਵੱਲੋਂ ਦੋਆਬਾ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਸੀ। ਸਪਾਈਸ ਜੈੱਟ ਫਲਾਈਟ ਵੱਲੋਂ ਆਦਮਪੁਰ ਤੋਂ ਮੁੰਬਈ ਲਈ ਸਿੱਧੀ 25 ਨਵੰਬਰ ਤੋਂ ਨਵੀਂ ਫਲਾਈਟ ਸ਼ੁਰੂ ਕੀਤੀ ਗਈ ਹੈ, ਜਿਹੜੀ ਰੋਜ਼ਾਨਾ ਮੁੰਬਈ ਲਈ ਚੱਲੇਗੀ। ਦਰਅਸਲ ਮੁੰਬਈ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਏ. ਐੱਸ. ਜੀ. 2402 ਦਾ ਪਹਿਲਾਂ ਚੱਲਣ ਦਾ ਸਮਾਂ ਸਵੇਰੇ 10 ਵੱਜ ਕੇ 5 ਮਿੰਟ ਸੀ ਅਤੇ ਆਦਮਪੁਰ ਏਅਰਪੋਰਟ 'ਤੇ ਪਹੁੰਚਣ ਦਾ ਸਮਾਂ ਦੁਪਹਿਰ 1.35 ਵਜੇ ਸੀ। ਸਪਾਈਸ ਜੈੱਟ ਫਲਾਈਟ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2402 ਸਵੇਰੇ 5 ਵੱਜ ਕੇ 55 ਮਿੰਟ 'ਤੇ ਮੁੰਬਈ ਤੋਂ ਉਡਾਣ ਭਰੇਗੀ ਅਤੇ ਸਵੇਰੇ 9 ਵੱਜ ਕੇ 20 ਮਿੰਟ 'ਤੇ ਆਦਮਪੁਰ ਪਹੁੰਚੇਗੀ। 25 ਮਿੰਟ ਆਦਮਪੁਰ ਵਿਚ ਰੁਕਣ ਤੋਂ ਬਾਅਦ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2403 ਸਵੇਰੇ 9 ਵੱਜ ਕੇ 45 ਮਿੰਟ 'ਤੇ ਆਦਮਪੁਰ ਤੋਂ ਮੁੰਬਈ ਲਈ ਉਡਾਣ ਭਰੇਗੀ ਅਤੇ ਦੁਪਹਿਰ 1 ਵੱਜ ਕੇ 5 ਮਿੰਟ 'ਤੇ ਮੁੰਬਈ ਪਹੁੰਚੇਗੀ।

shivani attri

This news is Content Editor shivani attri