ਪੰਜਾਬ ਦੀਆਂ ਸੜਕਾਂ ''ਤੇ ਮੌਤ ਦਾ ਖੇਡ, ਹੈਰਾਨੀਜਨਕ ਅੰਕੜੇ ਆਏ ਸਾਹਮਣੇ

11/21/2019 12:36:44 PM

ਚੰਡੀਗੜ੍ਹ : ਲੋਕਾਂ ਦੀ ਲਾਪਰਵਾਹੀ ਕਾਰਨ ਪੰਜਾਬ ਦੀਆਂ ਸੜਕਾਂ ਨੇ ਖੂਨੀ ਰੂਪ ਧਾਰਨ ਕਰ ਲਿਆ ਹੈ ਅਤੇ ਅਕਸਰ ਇਨ੍ਹਾਂ ਸੜਕਾਂ 'ਤੇ ਮੌਤ ਖੇਡ ਖੇਡਦੀ ਦਿਖਾਈ ਦਿੰਦੀ ਹੈ ਕਿਉਂਕਿ ਸੜਕ ਹਾਦਸਿਆਂ 'ਚ ਰੋਜ਼ਾਨਾ ਕਈ ਜਾਨਾਂ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦੀਆਂ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵਲੋਂ ਇਸ ਸਬੰਧੀ ਹੈਰਾਨੀਜਨਕ ਅੰਕੜੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਸੜਕਾਂ 'ਤੇ ਤੇਜ਼ ਰਫਤਾਰ ਕਾਰਨ ਰੋਜ਼ਾਨਾ ਔਸਤਨ 7 ਜਾਨਾਂ ਜਾ ਰਹੀਆਂ ਹਨ।

ਸੂਬੇ 'ਚ ਸੜਕੀ ਹਾਦਸਿਆਂ ਦੌਰਾਨ ਮਾਰੇ ਗਏ 4,740 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚੋਂ 53 ਫੀਸਦੀ ਹਾਦਸਿਆਂ ਦਾ ਕਾਰਨ ਤੇਜ਼ ਰਫਤਾਰ ਸੀ। ਪਿਛਲੇ ਸਾਲ ਸੂਬੇ ਦੀਆਂ ਸੜਕਾਂ 'ਤੇ ਹੋਏ 6,428 ਹਾਦਸਿਆਂ 'ਚੋਂ 3,335 ਹਾਦਸੇ ਤੇਜ਼ ਰਫਤਾਰ ਕਾਰਨ ਹੋਏ ਸਨ, ਜਿਨ੍ਹਾਂ 'ਚ 2540 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1621 ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। 1,055 ਸੜਕੀ ਹਾਦਸਿਆਂ 'ਚੋਂ 262 ਹਾਦਸੇ ਗਲਤ ਸਾਈਡ ਆਉਣ ਕਾਰਨ ਵਾਪਰੇ, ਜਦੋਂ ਕਿ 161 ਲੋਕਾਂ ਦੀ ਮੌਤ ਲਾਲ ਬੱਤੀ ਪਾਰ ਕਰਨ ਸਮੇਂ ਹੋਈ। ਇਨ੍ਹਾਂ 'ਚੋਂ 158 ਲੋਕਾਂ ਦੀ ਮੌਤ ਸੜਕ 'ਤੇ ਮੋਬਾਇਲ ਦਾ ਇਸਤੇਮਾਲ ਕਰਨ ਦੌਰਾਨ ਹੋਈ, ਜਦੋਂ ਕਿ ਸ਼ਰਾਬੀ ਹਾਲਤ 'ਚ ਗੱਡੀ ਚਲਾਉਣ 'ਤੇ 85 ਲੋਕਾਂ ਦੀ ਮੌਤ ਹੋ ਗਈ।

ਇਸ ਸਾਲ ਇਨ੍ਹਾਂ ਹਾਦਸਿਆਂ 'ਚੋਂ ਪਿਛਲੇ ਸਾਲ ਨਾਲੋਂ 2.47 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਲ 2018 ਦੌਰਾਨ ਸੜਕੀ ਹਾਦਸਿਆਂ 'ਚ 1980 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ 56 ਲੋਕਾਂ ਦੀ ਉਮਰ 18 ਸਾਲਾਂ ਤੋਂ ਘੱਟ ਹੈ, ਜਦੋਂ ਕਿ ਬਾਕੀ ਡਰਾਈਵਰਾਂ ਦੀ ਉਮਰ 18 ਤੋਂ 25 ਸਾਲਾਂ ਦੇ ਵਿਚਕਾਰ ਸੀ। ਇਸ ਤਰ੍ਹਾਂ ਆਪਣੀ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਵੀ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਜੇਕਰ ਥੋੜ੍ਹੀ ਜਿਹੀ ਸਾਵਧਾਨੀ ਵਰਤ ਲਈ ਜਾਵੇ ਤਾਂ ਇਨ੍ਹਾਂ ਹਾਦਸਿਆਂ 'ਤੇ ਠੱਲ੍ਹ ਪਾਈ ਜਾ ਸਕਦੀ ਹੈ।

Babita

This news is Content Editor Babita