ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ

02/01/2023 4:47:35 PM

ਬੰਗਾ (ਚਮਨ ਲਾਲ/ਰਾਕੇਸ਼) : ਰੂਪਨਗਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਪਿੰਡ ਮੱਲੂਪੋਤਾ ਵਿਖੇ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਮ੍ਰਿਤਕ ਬਲਵੰਤ ਰਾਮ ਦੇ ਕਰੀਬੀ ਰਿਸ਼ਤੇਦਾਰ ਜਸਪਾਲ ਸਿੰਘ ਪੁੱਤਰ ਸ਼ਾਂਤੀ ਸਰੂਪ ਨਿਵਾਸੀ ਕਰੀਹਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਲਈ ਪਿੰਡ ਤੋਂ ਬਹਿਰਾਮ ਆਇਆ ਹੋਇਆ ਸੀ। ਕੰਮ ਤੋਂ ਪਰਤਣ ਸਮੇਂ ਉਸ ਨੇ ਆਪਣੀ ਸੱਸ ਸੀਤਾ ਰਾਣੀ ਨੂੰ ਆਪਣੇ ਨਾਲ ਘਰ ਪਿੰਡ ਕਰੀਹਾ ਲੈ ਕੇ ਜਾਣਾ ਸੀ।

ਉਸ ਨੇ ਦੱਸਿਆ ਕਿ ਉਸ ਨੇ ਕੰਮ ਖ਼ਤਮ ਹੋਣ ਉਪੰਰਤ ਬਹਿਰਾਮ ਤੋਂ ਚੱਲਣ ਸਮੇਂ ਆਪਣੇ ਸਹੁਰੇ ਬਲਵੰਤ ਰਾਮ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਪਿੰਡ ਤੋ ਬਾਹਰ ਮੁੱਖ ਸੜਕ ’ਤੇ ਆ ਜਾਣ। ਜਿਵੇਂ ਹੀ ਉਹ ਬਹਿਰਾਮ ਤੋਂ ਪਿੰਡ ਮੱਲੂਪੋਤਾ ਪੁੱਜਾ ਤਾਂ ਉੱਥੇ ਉਸਦੇ ਸੱਸ-ਸਹੁਰਾ ਦੋਵੇਂ ਖੜ੍ਹੇ ਹੋਏ ਸਨ। ਉਹ ਆਪਣੀ ਸੱਸ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਤੁਰਨ ਲੱਗਾ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਸਹੁਰੇ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਦੌਰਾਨ ਜ਼ਖਮੀ ਬਲਵੰਤ ਰਾਮ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਪੁਲਸ ਨੇ ਮਿਲੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Babita

This news is Content Editor Babita