ਕਾਰ-ਬੱਸ ਦੀ ਭਿਆਨਕ ਟੱਕਰ ’ਚ ਪਿਓ-ਪੁੱਤ ਦੀ ਮੌਤ

07/03/2018 6:08:41 AM

ਦੋਰਾਹਾ(ਗੁਰਮੀਤ ਕੌਰ)-ਦੋਰਾਹਾ ਜੀ. ਟੀ. ਰੋਡ ’ਤੇ ਪਿੰਡ ਰਾਜਗਡ਼੍ਹ ਕੱਟ ਨਜ਼ਦੀਕ ਵਾਪਰੇ ਇਕ ਭਿਆਨਕ ਸਡ਼ਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਬਾਅਦ ’ਚ ਜਿਨ੍ਹਾਂ ਦੀ ਪਹਿਚਾਣ ਸੰਜੀਵ ਕੁਮਾਰ ਪੁੱਤਰ  ਬੂਟਾ ਰਾਮ ਅਤੇ ਉਸਦਾ ਬੇਟਾ ਲਕਸ਼ੇ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਘੁਮਾਰ ਮੰਡੀ ਲੁਧਿਆਣਾ ਵਜੋਂ ਹੋਈ ਹੈ। ਦੋਰਾਹਾ ਪੁਲਸ ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਸ ਦਰਜ ਕਰਕੇ ਬਿਆਨਾਂ ’ਚ ਮ੍ਰਿਤਕ ਸੰਜੀਵ ਕੁਮਾਰ ਦੇ ਭਤੀਜੇ ਅਨੁਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੰਜੀਵ ਕੁਮਾਰ ਅਤੇ ਉਸਦਾ ਲਡ਼ਕਾ ਲਕਸ਼ੇ ਕੁਮਾਰ ਆਪਣੀ ਈਕੋ ਸਪੋਟ ਕਾਰ ’ਚ ਸਵਾਰ ਹੋ ਕੇ ਅੰਬਾਲਾ ਤੋਂ ਰਿਸ਼ਤੇਦਾਰੀ ਵਿਚੋਂ ਵਾਪਸ ਲੁਧਿਆਣਾ ਨੂੰ ਜਾ ਰਹੇ ਸਨ ਕਿ ਜਦੋਂ ਉਹ ਦੋਰਾਹਾ ਪੁਲ ਪਾਰ ਕਰਨ ਤੋਂ ਬਾਅਦ ਜੀ. ਟੀ. ਰੋਡ ’ਤੇ ਪਿੰਡ ਰਾਜਗਡ਼੍ਹ ਕੱਟ ਨੇਡ਼ੇ ਪਹੁੰਚੇ ਤਾਂ ਕਾਰ ਅੱਗੇ ਇਕ ਅਾਵਾਰਾ ਗਾਂ ਆ ਗਈ, ਜਿਸ ’ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦੀ ਹੋਈ ਦੂਜੇ ਪਾਸੇ ਸਡ਼ਕ ’ਤੇ ਪਲਟ ਗਈ ਅਤੇ ਸਾਹਮਣੇ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਟਰੈਵਲ ਦੀ ਬੱਸ ਅਚਾਨਕ ਹਾਦਸਾਗ੍ਰਸਤ ਕਾਰ ’ਚ ਜਾ ਵੱਜੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ’ਚ ਸਵਾਰ ਮ੍ਰਿਤਕ ਸੰਜੀਵ ਕੁਮਾਰ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲਕਸ਼ੇ ਕੁਮਾਰ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਾਹਨੇਵਾਲ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਅੱਗੇ ਜਾਂਚ ਆਰੰਭ ਕਰ ਦਿੱਤੀ ਹੈ।