ਮੋਟਰ ਸਾਇਕਲ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਇਕ ਔਰਤ ਦੀ ਮੌਤ

11/07/2017 4:01:39 PM


ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪਮੰਡਲ ਦੇ ਪਿੰਡ ਸ਼ਾਹਪੁਰਾ ਅਤੇ ਅਲਿਆਣਾ ਦੇ ਵਿਚਕਾਰ ਬੀਤੀ ਸ਼ਾਮ ਮੋਟਰ ਸਾਇਕਲ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਮੋਟਰ ਸਾਇਕਲ ਚਾਲਕ ਵਾਲ-ਵਾਲ ਬੱਚ ਗਿਆ। 
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਸੁਮਿਤਰਾ ਬਾਈ (40) ਵਾਸੀ ਪਿੰਡ ਅਲਿਆਣਾ ਦੇ ਪਤੀ ਹਰਪਾਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੁਮਿਤਰਾ ਬਾਈ ਪਿੰਡ ਵਾਸੀ ਹੋਰਨਾਂ ਔਰਤਾਂ ਦੇ ਨਾਲ ਟਰੈਕਟਰ-ਟਰਾਲੀ ਤੇ ਨੇੜਲੇ ਪਿੰਡ ਸ਼ਾਹਪੁਰਾ ਦੇ ਨੇੜੇ ਨਰਮਾ ਚੁੱਗਣ ਲਈ ਜਾਂਦੀ ਸੀ। ਉਸਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਬੀਤੇ ਦਿਨ ਉਸਦੀ ਪਤਨੀ ਪਿੰਡ ਸ਼ਾਹਪੁਰਾ ਦੇ ਨੇੜੇ ਨਰਮਾ ਚੁੱਗਣ ਲਈ ਗਈ ਸੀ। ਸ਼ਾਮ ਲਗਭਗ 5 ਵਜੇ ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਟਰੈਕਟਰ ਟਰਾਲੀ 'ਤੇ ਵਾਪਸ ਆਉਣ ਲੱਗੀ ਤਾਂ ਉਸ ਥਾਂ ਤੋਂ ਇਕ ਮੋਟਰ ਸਾਇਕਲ ਚਾਲਕ ਲੰਘਿਆ ਅਤੇ ਉਸਦੀ ਪਤਨੀ ਪਿੰਡ ਵਾਪਸ ਆਉਣ ਲਈ ਉਸਦੇ ਨਾਲ ਮੋਟਰ ਸਾਇਕਲ ਤੇ ਸਵਾਰ ਹੋ ਗਈ। ਜਦੋਂ ਉਹ ਦੋਵੇਂ ਪਿੰਡ ਸ਼ਾਹਪੁਰਾ ਅਤੇ ਅਲਿਆਣਾ ਦੇ ਵਿਚਕਾਰ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਕਾਰਨ ਉਸਦੀ ਪਤਨੀ ਟਰੈਕਟਰ ਟਰਾਲੀ ਦੇ ਥੱਲੇ ਆਉਣ ਨਾਲ ਜ਼ਖ਼ਮੀ ਹੋ ਗਈ, ਜਿਸ ਕਾਰਨ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਲਿਆਉਣ 'ਤੇ ਰਸਤੇ ਵਿਚ ਉਸਦੀ ਮੌਤ ਹੋ ਗਈ।
ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਗਈ ਹੈ। ਥਾਣਾ ਅਰਨੀਵਾਲਾ ਦੀ ਪੁਲਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।