ਟ੍ਰੈਕਟਰ ਸਵਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੱਚੀ ਦੀ ਮੌਤ, ਮਾਂ ਜ਼ਖ਼ਮੀ

09/24/2017 2:29:51 AM

ਸੰਗਤ ਮੰਡੀ(ਮਨਜੀਤ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਟ੍ਰੈਕਟਰ ਸਵਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ, ਜਿਸ 'ਚ ਮੋਟਰਸਾਈਕਲ ਸਵਾਰ ਵਿਅਕਤੀ ਤਾਂ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ ਪ੍ਰੰਤੂ ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ ਪੰਜ ਸਾਲਾਂ ਦੀ ਬੱਚੀ ਦੀ ਮੌਤ ਤੇ ਪਤਨੀ ਜ਼ਖ਼ਮੀ ਹੋ ਗਈ। ਐੱਸ.ਆਈ. ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਤਾਰ ਸਿੰਘ ਵਾਸੀ ਪਥਰਾਲਾ ਨੇ ਟ੍ਰੈਕਟਰ ਚਾਲਕ ਦੇਸ ਰਾਜ ਪੁੱਤਰ ਸਾਧੂ ਰਾਮ ਵਾਸੀ ਚੱਕ ਰੁਲਦੂ ਸਿੰਘ ਵਾਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਪਤਨੀ ਤੇ ਬੱਚੀ ਸਮੇਤ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਜਾ ਰਿਹਾ ਸੀ, ਜਦ ਉਹ ਪਿੰਡ ਚੱਕ ਰੁਲਦੂ ਸਿੰਘ ਵਾਲਾ ਨਜ਼ਦੀਕ ਪਹੁੰਚੇ ਤਾਂ ਉਕਤ ਟ੍ਰੈਕਟਰ ਚਾਲਕ ਵਲੋਂ ਉਸ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ 'ਚ ਬੱਚੀ ਪ੍ਰਦੀਪ ਕੌਰ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਸਿਮਰਜੀਤ ਕੌਰ ਦੇ ਸੱਟਾਂ ਲੱਗੀਆਂ। ਪੁਲਸ ਵਲੋਂ ਮੁਦਈ ਦੇ ਬਿਆਨਾਂ 'ਤੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।