ਗੰਨਿਆਂ ਦੀ ਭਰੀ ਟਰਾਲੀ ਪਲਟਣ ਨਾਲ ਦੋ ਨੌਜਵਾਨਾਂ ਦੀ ਮੌਤ

01/14/2022 4:20:12 PM

ਕਾਹਨੂੰਵਾਨ (ਜੱਜ) : ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ ਵਸਨੀਕ 2 ਨੌਜਵਾਨਾਂ ਦੀ ਗੰਨਿਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਰਕੇ ਮੌਕੇ ’ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਇਕ ਵਿਅਕਤੀ ਜ਼ਖ਼ਮੀ ਵੀ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੈਂਬਰ ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਸਰਦਾਰ ਸਿੰਘ ਦਾ ਲੜਕਾ ਇਕਬਾਲ ਸਿੰਘ ਬੀਤੀ ਰਾਤ 9 ਵਜੇ ਦੇ ਕਰੀਬ ਆਪਣੇ ਖੇਤਾਂ ਵਿਚੋ ਗੰਨੇ ਦੀ ਭਰੀ ਟਰਾਲੀ ਨੂੰ ਗੰਨਾ ਮਿੱਲ ਮੁਕੇਰੀਆਂ ਲਈ ਲਿਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਧਨੋਆ ਪੱਤਣ ਦਾ ਪੁੱਲ ਪਾਰ ਕਰਕੇ ਗੰਨਾ ਮਿੱਲ ਮੁਕੇਰੀਆਂ ਵੱਲੋਂ ਪਿੰਡ ਦੇ ਰਸਤੇ ਮੁੜਿਆ ਤਾਂ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ।

ਇਸ ਹਾਦਸੇ ਵਿਚ ਟਰੈਕਟਰ ਚਾਲਕ ਇਕਬਾਲ ਸਿੰਘ ਅਤੇ ਉਸਦੇ ਨਾਲ ਟਰੈਕਟਰ 'ਤੇ ਬੈਠੇ ਹੋਏ ਲੜਕੇ ਰਕੇਸ਼ ਕੁਮਾਰ ਪੁੱਤਰ ਸੇਵਾ ਰਾਮ ਅਤੇ ਬਿਕਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਧਾਵੇ ਟਰੈਕਟਰ ਚਾਲਕ ਸਮੇਤ ਤਿੰਨੇ ਨੌਜਵਾਨ ਗੰਨਿਆਂ ਦੀ ਭਰੀ ਟਰਾਲੀ ਹੇਠਾਂ ਆ ਗਏ। ਇਸ ਦੌਰਾਨ ਟਰੈਕਟਰ ਚਾਲਕ ਇਕਬਾਲ ਸਿੰਘ ਤੇ ਅਕੇਸ਼ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਬਿਕਰਮਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜੋ ਮੁਕੇਰੀਆਂ ਵਿਖੇ ਹਸਪਤਾਲ ਵਿਚ ਜੇਰੇ ਇਲਾਜ ਹੈ। ਮ੍ਰਿਤਕ ਲੜਕਿਆਂ ਦਾ ਪਿੰਡ ਧਾਵੇ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

Gurminder Singh

This news is Content Editor Gurminder Singh