ਚੰਡੀਗੜ੍ਹ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਕੁੜੀ ਦੀ ਮੌਤ

12/01/2017 7:10:48 PM

ਮੋਰਿੰਡਾ (ਅਰਨੋਲੀ) : ਮੋਰਿੰਡਾ ਬਾਈਪਾਸ ਪੰਜਕੋਹਾ ਪੈਲੇਸ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਲੜਕੀ (30) ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਟਾਟਾ ਮਿਨੀ ਟਰੱਕ ਨੰਬਰ ਪੀਬੀ 65 ਏ ਏ-3286 ਮੋਰਿੰਡਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਪੰਜਕੋਹਾ ਪੈਲੇਸ ਨੇੜੇ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਜਾ ਰਹੀ ਕਾਰ ਨੰਬਰ ਐਚ.ਆਰ. 10 ਜੈਡ-8300 ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਪ੍ਰਿਅੰਕਾ (30) ਪੁੱਤਰੀ ਪਦਮ ਭਟਨਾਗਰ ਵਾਸੀ ਸੋਲਨ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਲਵ ਚੱਡਾ ਪੁੱਤਰ ਲੇਟ ਅਵਿਨਾਸ਼ ਚੱਡਾ, ਉਸਦੀ ਪਤਨੀ ਸਿੰਮੀ ਚੱਡਾ ਅਤੇ ਸੋਨੀ ਸਤਾਰਾਵਾਲਾ ਵਾਸੀ ਚੰਡੀਗੜ੍ਹ ਗੰਭੀਰ ਜ਼ਖਮੀ ਹੋ ਗਏ।
ਇਸ ਮੌਕੇ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਮੋਰਿੰਡਾ ਪਹੁੰਚਾਇਆ ਗਿਆ ਜਿਥੋਂ ਡਾਕਟਰਾਂ ਵੱਲੋ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਮੋਰਿੰਡਾ ਪੁਲਸ ਨੇ ਪ੍ਰਿਅੰਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।