ਮਾਲੇਰਕੋਟਲਾ-ਲੁਧਿਆਣਾ ਰੋਡ ''ਤੇ ਭਿਆਨਕ ਹਾਦਸਾ, ਦੋ ਦੀ ਮੌਤ

02/17/2018 7:30:06 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਸ਼ਨੀਵਾਰ ਨੂੰ ਇਥੇ ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ 'ਤੇ ਮੈਰਿਜ ਪੈਲੇਸ ਨੇੜੇ ਟਰੈਕਟਰ-ਟਰਾਲੀ ਅਤੇ ਕੈਂਟਰ ਵਿਚਕਾਰ ਵਾਪਰੇ ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੋਤ ਹੋ ਗਈ ਜਦਕਿ ਤਿੰਨ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਤੋਂ ਲੁਧਿਆਣਾ ਵੱਲ ਜਾ ਰਹੀ ਟਰੈਕਟਰ-ਟਰਾਲੀ ਦੇ ਚਾਲਕ ਨੇ ਜਦੋਂ ਪੈਲੇਸ ਨੇੜੇ ਬਣੇ ਕਰਾਸਿੰਗ ਪੁਆਇੰਟ ਤੋਂ ਟਰਾਲੀ ਮੋੜੀ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫਤਾਰ ਕੈਂਟਰ ਦੀ ਟਰੈਕਟਰ-ਟਰਾਲੀ ਨੂੰ ਜ਼ਬਰਦਸ਼ਤ ਟੱਕਰ ਮਾਰ ਦਿੱਤੀ, ਜਿਸ ਨਾਲ ਹਾਦਸਾਗ੍ਰਸਤ ਵਾਹਨ ਨਾਲ ਲੱਗਦੇ ਖੇਤਾਂ 'ਚ ਜਾ ਡਿੱਗੇ। ਉਥੇ ਹੀ ਟਰੈਕਟਰ-ਟਰਾਲੀ 'ਤੇ ਸਵਾਰ ਮੁਹੰਮਦ ਨਈਮ ਉਰਫ ਰਾਜਾ (30 ਸਾਲ) ਪੁੱਤਰ ਮੁਹੰਮਦ ਸਲੀਮ ਅਤੇ ਮੁਹੰਮਦ ਸ਼ਮੀਮ ਅਨਸਾਰੀ (42)  ਪੁੱਤਰ ਮੁਹੰਮਦ ਹਾਸ਼ਿਮ ਵਾਸੀ ਮਾਲੇਰਕੋਟਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਨ੍ਹਾਂ ਦੇ ਤੀਜੇ ਸਾਥੀ ਮੋਨੂੰ (32) ਪੁੱਤਰ ਮੁਹੰਮਦ ਸਲੀਮ ਸਮੇਤ ਹਾਦਸਾਗ੍ਰਸਤ ਕੈਂਟਰ ਸਵਾਰ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜਲੰਧਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ। ਘਟਨਾਂ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਘਟਨਾਂ ਦੀ ਜਾਂਚ ਆਰੰਭ ਕਰ ਦਿੱਤੀ।