''ਆਪ'' ਨੂੰ ਪੰਜਾਬ ''ਚ ਐਂਟਰੀ ਲਈ ਬਦਲਣਾ ਹੋਵੇਗਾ ਚਿਹਰਾ, ਸਿੱਧੂ ਤੋਂ ਬਾਅਦ ਢੀਂਡਸਾ ''ਤੇ ਨਜ਼ਰਾਂ

02/12/2020 6:28:34 PM

ਲੁਧਿਆਣਾ (ਹਿਤੇਸ਼) : ਦਿੱਲੀ 'ਚ ਚੋਣ ਦਾ ਬਿਗੁਲ ਵਜਾਉਣ ਦੇ ਨਾਲ 'ਆਪ' ਵਲੋਂ ਪੰਜਾਬ 'ਚ ਫਿਰ ਤੋਂ ਐਂਟਰੀ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਸੀ। ਹੁਣ ਨਤੀਜੇ ਆਉਣ ਤੋਂ ਬਾਅਦ ਕਈ ਲੀਡਰਾਂ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ ਪਰ ਇਸ ਲਈ ਚਿਹਰਾ ਬਦਲਣ ਦੀ ਮੰਗ ਜ਼ੋਰ ਫੜਨ ਲੱਗੀ ਹੈ, ਜਿਸ ਤਹਿਤ ਨਵਜੋਤ ਸਿੱਧੂ ਤੋਂ ਬਾਅਦ ਹੁਣ ਪਰਮਿੰਦਰ ਢੀਂਡਸਾ 'ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ 'ਆਪ' ਦੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਜ਼ਿਆਦਾਤਰ ਲੀਡਰ ਉਸ ਦਾ ਸਾਥ ਛੱਡ ਚੁੱਕੇ ਹਨ, ਜਿਨ੍ਹਾਂ 'ਚ ਧਰਮਵੀਰ ਗਾਂਧੀ, ਹਰਿੰਦਰ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ, ਗੁਰਪ੍ਰੀਤ ਘੁੱਗੀ ਦੇ ਨਾਂ ਮੁੱਖ ਰੂਪ ਨਾਲ ਸ਼ਾਮਲ ਹਨ।

ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਕੇਡਰ ਵੀ ਨਾਰਾਜ਼ ਚੱਲ ਰਹੇ ਹਨ ਅਤੇ ਬਾਕੀ ਬਚੇ ਹੋਏ ਲੋਕਾਂ ਨੂੰ ਨਾਲ ਲੈ ਕੇ ਚੱਲਣ 'ਚ ਭਗਵੰਤ ਮਾਨ ਅਤੇ ਹਰਪਾਲ ਚੀਮਾ ਪੂਰੀ ਤਰ੍ਹਾਂ ਕਾਮਯਾਬ ਸਾਬਤ ਨਹੀਂ ਹੋ ਰਹੇ ਹਨ। ਹੁਣ ਦਿੱਲੀ 'ਚ ਮਿਲੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੜ ਸਰਗਰਮ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਇਸ ਦਾ ਕਾਰਣ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਨੂੰ ਪੰਜਾਬ 'ਚ ਲੋਕਾਂ ਵਲੋਂ ਪੂਰੀ ਹਮਾਇਤ ਨਾ ਮਿਲਣ ਨੂੰ ਮੰਨਿਆ ਜਾ ਰਿਹਾ ਹੈ।
ਇਸ ਦੌਰ 'ਚ 'ਆਪ' ਦੀ ਮੌਜੂਦਾ ਲੀਡਰਸ਼ਿਪ ਕੋਲ ਰਿਵਾਇਤੀ ਪਾਰਟੀਆਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਕੈਸ਼ ਕਰਨ ਦੀ ਸਮਰੱਥਾ ਨਜ਼ਰ ਨਹੀਂ ਆ ਰਹੀ। ਸਿਆਸੀ ਜਾਣਕਾਰਾਂ ਮੁਤਾਬਕ ਜੇਕਰ 'ਆਪ' ਨੇ ਪੰਜਾਬ 'ਚ ਮੁੜ ਐਂਟਰੀ ਕਰਨੀ ਹੈ ਤਾਂ ਉਸ ਨੂੰ ਚਿਹਰਾ ਬਦਲਣਾ ਹੋਵੇਗਾ। ਇਨ੍ਹਾਂ 'ਚ ਨਵਜੋਤ ਸਿੱਧੂ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ ਅਤੇ ਹੁਣ ਅਕਾਲੀ ਦਲ ਤੋਂ ਬਾਗੀ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਟਕਸਾਲੀ ਗਰੁੱਪ ਦੇ ਨਾਲ ਗੰਢਤੁਪ ਦਾ ਵੀ ਹੈ ਬਦਲ
ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਵਲੋਂ ਬੈਂਸ ਗਰੁੱਪ ਨਾਲ ਗਠਜੋੜ ਕੀਤਾ ਗਿਆ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਬੈਂਸ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਗਰੁੱਪ ਦੇ ਨਾਲ ਗਠਜੋੜ ਨਹੀਂ ਹੋ ਸਕਿਆ ਸੀ। ਹੁਣ ਟਕਸਾਲੀ ਗਰੁੱਪ ਵਲੋਂ ਸਿੱਧੂ ਦੇ ਨਾਮ 'ਤੇ ਸਹਿਮਤੀ ਜਤਾਈ ਜਾ ਰਹੀ ਹੈ ਅਤੇ ਢੀਂਡਸਾ ਵੀ ਉਨ੍ਹਾਂ ਨਾਲ ਹਨ। ਅਜਿਹੇ 'ਚ ਉਨ੍ਹਾਂ ਦਾ 'ਆਪ' ਨਾਲ ਗਠਜੋੜ ਹੋਣ 'ਚ ਕੋਈ ਮੁਸ਼ਕਲ ਨਹੀਂ ਹੋਵੇਗੀ।

Gurminder Singh

This news is Content Editor Gurminder Singh