ਹਰਸਿਮਰਤ ਬਾਦਲ ਦੇ ਨਿਵਾਸ ''ਤੇ ਧਰਨਾ ਦੇਣ ਨਹੀਂ ਪਹੁੰਚ ਸਕੇ ''ਆਪ'' ਵਿਧਾਇਕ

08/25/2017 6:47:22 AM

ਚੰਡੀਗੜ੍ਹ  (ਸ਼ਰਮਾ) - ਦਿੱਲੀ 'ਚ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਵਿਧਾਇਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਿੱਲੀ ਸਥਿਤ ਨਿਵਾਸ ਸਥਾਨ ਦੇ ਬਾਹਰ ਧਰਨਾ ਦੇਣ ਨਹੀਂ ਪਹੁੰਚ ਸਕੇ। ਦਿੱਲੀ ਪੁਲਸ ਨੇ ਇਨ੍ਹਾਂ ਵਿਧਾਇਕਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਨੁਸਾਰ ਪੁਲਸ ਵਲੋਂ ਰੋਕੇ ਜਾਣ ਤੋਂ ਬਾਅਦ ਵਿਧਾਇਕ ਸੜਕ 'ਤੇ ਹੀ ਧਰਨੇ 'ਤੇ ਬੈਠ ਗਏ ਤੇ ਮੋਦੀ ਸਰਕਾਰ ਤੇ ਹਰਸਿਮਰਤ ਕੌਰ ਬਾਦਲ ਖ਼ਿਲਾਫ ਪ੍ਰਦਰਸ਼ਨ ਕਰਕੇ ਪਹਾੜੀ ਸੂਬਿਆਂ ਨੂੰ 10 ਸਾਲਾਂ ਦੇ ਸਮੇਂ ਲਈ ਵਧਾਈ ਗਈ ਕਰ ਛੋਟ ਨੂੰ ਖਤਮ ਕਰਨ ਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਪਰ ਇਸ ਤੋਂ ਬਾਅਦ ਪੁਲਸ ਸਾਰੇ ਵਿਧਾਇਕਾਂ ਨੂੰ ਧਰਨਾ ਸਥਾਨ ਤੋਂ ਚੁੱਕ ਕੇ ਲੈ ਗਈ।
ਖਹਿਰਾ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਵਲੋਂ ਹਰਸਿਮਰਤ ਬਾਦਲ ਦੇ ਨਿਵਾਸ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਇਸ ਲਈ ਲਿਆ ਗਿਆ ਸੀ ਕਿਉਂਕਿ ਵਾਜਪਾਈ ਸਰਕਾਰ, ਜਿਸ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਵਿਰੁੱਧ ਗੁਆਂਢੀ ਪਹਾੜੀ ਸੂਬਿਆਂ ਨੂੰ ਟੈਕਸ 'ਚ ਛੋਟ ਦੇਣ ਦਾ ਫੈਸਲਾ ਲਿਆ ਸੀ, 'ਚ ਉਨ੍ਹਾਂ ਦੇ ਪਤੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਦਯੋਗ ਮੰਤਰੀ ਸਨ ਤੇ ਹੁਣ ਜਦੋਂ ਇਸ ਟੈਕਸ ਛੋਟ ਦੇ ਸਮਾਂ ਹੱਦ 'ਚ ਵਿਸਥਾਰ ਕੀਤਾ ਗਿਆ ਹੈ, ਉਦੋਂ ਮੋਦੀ ਸਰਕਾਰ 'ਚ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ।