ਵਿਰੋਧੀ ਪਾਰਟੀਆਂ ਗਾਲੀ-ਗਲੋਚ ਤੇ ਦੋਸ਼-ਪ੍ਰਤੀਦੋਸ਼ ਦੀ ਸਿਆਸਤ ਕਰ ਰਹੀਆਂ, ਮੁੱਖ ਮੰਤਰੀ ਕੰਮ ਦੀ: ਮਲਵਿੰਦਰ ਕੰਗ

05/01/2023 3:14:08 PM

ਜਲੰਧਰ (ਧਵਨ)-ਵਿਰੋਧੀ ਪਾਰਟੀਆਂ ’ਤੇ ਦੋਸ਼ ਲਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਗਾਲੀ-ਗਲੋਚ ਤੇ ਦੋਸ਼-ਪ੍ਰਤੀਦੋਸ਼ ਦੀ ਸਿਆਸਤ ਕਰ ਰਹੀਆਂ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਕੰਮ ਦੀ ਸਿਆਸਤ ਕਰ ਰਹੇ ਹਨ।
ਐਤਵਾਰ ਨੂੰ ਜਲੰਧਰ ਵਿਖੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸਕੱਤਰ ਰਾਜਵਿੰਦਰ ਕੌਰ ਥਿਆੜਾ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਕੂਲ ਐਗਜ਼ਾਮੀਨੇਸ਼ਨ ਬੋਰਡ ਦੇ ਟਾਪਰਾਂ ਨੂੰ ਖੇਡਾਂ ਦੀ ਤਰਜ਼ ’ਤੇ ਸਨਮਾਨਿਤ ਕਰਨਾ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ। ਇਸ ਨਾਲ ਵਿਦਿਆਰਥੀਆਂ ਦਾ ਹੌਸਲਾ ਵਧੇਗਾ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ।

ਇਸ ਤੋਂ ਇਲਾਵਾ ਮਾਨ ਸਰਕਾਰ ਨੇ ਬਰਾਬਰ ਅੰਕ ਲਿਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਕ ਮੰਨਣ ਦਾ ਹੁਕਮ ਜਾਰੀ ਕੀਤਾ ਹੈ, ਜਿਸ ਨਾਲ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਟਾਪਰ ਵਿਦਿਆਰਥੀਆਂ ਨੂੰ ਇਨਸਾਫ਼ ਮਿਲੇਗਾ। ਇਸ ਤੋਂ ਪਹਿਲਾਂ ਬਰਾਬਰ ਅੰਕ ਹਾਸਲ ਕਰਨ ਵਾਲਿਆਂ ਵਿਚੋਂ ਛੋਟੀ ਉਮਰ ਦੇ ਆਧਾਰ ’ਤੇ ਟਾਪਰ ਐਲਾਨਿਆ ਜਾਂਦਾ ਸੀ। ਕੰਗ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਇਸ ਸਾਲ ਸਰਕਾਰੀ ਸਕੂਲਾਂ ਵਿਚ ਦੋ ਲੱਖ ਬੱਚਿਆਂ ਦਾ ਐਨਰੋਲਮੈਂਟ ਵਧਿਆ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਹਰ ਹਫ਼ਤੇ ਸਕੂਲਾਂ ਦੇ ਵਿਕਾਸ ਸਬੰਧੀ ਮੀਟਿੰਗ ਹੋਵੇਗੀ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ

ਕੰਗ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਗਰੀਬ ਅਤੇ ਦਲਿਤ ਸਮਾਜ ਦੇ ਬੱਚਿਆਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕਾਂਗਰਸ ਸਰਕਾਰ ਵੇਲੇ ਇਕ ਲੱਖ ਬੱਚਿਆਂ ਨੂੰ ਐੱਸ. ਸੀ. ਸਕਾਲਰਸ਼ਿਪ ਮਿਲਦੀ ਸੀ, ਇਸ ਸਾਲ ਢਾਈ ਲੱਖ ਬੱਚੇ ਐੱਸ. ਸੀ. ਸਕਾਲਰਸ਼ਿਪ ਦੇ ਯੋਗ ਬਣ ਗਏ ਹਨ। ਕਾਂਗਰਸ ਸਰਕਾਰ ਵੇਲੇ ਐੱਸ. ਸੀ. ਸਕਾਲਰਸ਼ਿਪ ਵਿਚ ਵੱਡੇ ਪੱਧਰ ’ਤੇ ਘਪਲਾ ਹੁੰਦਾ ਸੀ।

ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਇਸ ਯੂਨੀਵਰਸਿਟੀ ਦੀ ਤਰੱਕੀ ਅਤੇ ਇਸ ਨੂੰ ਕਰਜ਼ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ 30 ਕਰੋੜ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ ਦੀ ਉੱਚ ਸਿੱਖਿਆ ਵਿਵਸਥਾ ਵਿਚ ਕਾਫੀ ਸੁਧਾਰ ਹੋਵੇਗਾ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ‘ਆਪ’ ਉਮੀਦਵਾਰ ਨੂੰ ਚਾਰੇ ਪਾਸਿਓਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਵਿਚ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ। ਉਨ੍ਹਾਂ ਕਾਂਗਰਸ ਪਾਰਟੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਜਲੰਧਰ ’ਚ ਕਾਂਗਰਸ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਇਸ ਦੇ ਤਿੰਨ ਹਲਕਾ ਇੰਚਾਰਜ ਮੈਦਾਨ ਛੱਡ ਕੇ ਭੱਜ ਗਏ ਹਨ। ਉਨ੍ਹਾਂ ਦਾਅਵਾ ਕਿ ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਦੌਰਾਨ ਕਤਲ ਹੋਏ NRI ਪ੍ਰਦੀਪ ਸਿੰਘ ਦੇ ਮਾਮਲੇ 'ਚ ਕਥਿਤ ਦੋਸ਼ੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri