‘ਆਪ’ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ’ਚ ਬੁਰੀ ਤਰ੍ਹਾਂ ਅਸਫਲ : ਚੁੱਘ

04/20/2022 12:41:15 AM

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਦਾ ਪਹਿਲਾ ਇਕ ਮਹੀਨਾ ਪੰਜਾਬ ਦੀ ਜਨਤਾ ਲਈ ਪੂਰੀ ਤਰ੍ਹਾਂ ਨਿਰਾਸ਼ਾਜਨਕ, ਕਾਨੂੰਨ ਵਿਵਸਥਾ ਅਤੇ ਜਾਨ-ਮਾਲ ਦੀ ਨਜ਼ਰ ਨਾਲ ਦਹਿਸ਼ਤ ਭਰਿਆ ਰਿਹਾ ਹੈ। ਚੁੱਘ ਨੇ ਕਿਹਾ ਕਿ ਖੋਖਲੇ ਅਤੇ ਝੂਠੇ ਵਾਅਦੇ ਕਰਕੇ ਭਾਰੀ ਬਹੁਮਤ ਨਾਲ ਜਿੱਤ ਕੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਤੇ ਸਾਰੇ ਵਿਧਾਇਕ ਸੱਤਵੇਂ ਅਸਮਾਨ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : ਤਲਵਾੜਾ 'ਚ ਸਕੂਲੀ ਬੱਸ ਪਲਟੀ, 5 ਬੱਚੇ ਜ਼ਖਮੀ

ਚੁੱਘ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰਨ ਦਾ ਐਲਾਨ ਪੰਜਾਬ ਦੇ ਵੱਖ-ਵੱਖ ਵਰਗਾਂ 'ਚ ਇਕ ਵੱਡਾ ਪਾੜਾ ਪੈਦਾ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਮਹੀਨੇ 'ਚ 300 ਯੂਨਿਟ ਤੋਂ ਜ਼ਿਆਦਾ ਦੀ ਖਪਤ ਕਰਨ ਵਾਲੇ ਜਨਰਲ ਕੈਟਾਗਰੀ ਦੇ ਸਾਰੇ ਪਰਿਵਾਰਾਂ ਨੂੰ ਪੂਰੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਇਹ ਸਿਰਫ਼ ਮਜ਼ਾਕ ਹੈ ਜੋ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨਾਲ ਖੇਡ ਰਹੀ ਹੈ। ਚੁੱਘ ਨੇ ਪੰਜਾਬ ਦੇ 3 ਲੱਖ ਕਰੋੜ ਤੋਂ ਵੀ ਜ਼ਿਆਦਾ ਦੇ ਕਰਜ਼ ਦੀ ਜਾਂਚ ਕਰਨ ਦੇ 'ਆਪ' ਸਰਕਾਰ ਦੇ ਫ਼ੈਸਲੇ ਦਾ ਵੀ ਮਜ਼ਾਕ ਉਡਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਥ ਸ਼ਾਸਤਰ 'ਚ ਬੁਨਿਆਦੀ ਸਬਕ ਸਿਖਾਉਣ ਦੀ ਲੋੜ ਹੈ।

ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਕਿਸੇ ਨੇ ਪੂਰਾ ਪੈਸਾ ਆਪਣੀ ਜੇਬ 'ਚ ਪਾ ਲਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਪੰਜਾਬ 'ਚ ਵਿੱਤੀ ਅਨੁਸ਼ਾਸਨ ਲਾਗੂ ਕਰੇ ਅਤੇ ਬਿਜਲੀ ਦੇ ਫਜ਼ੂਲ ਖਰਚੇ ਦੇ ਐਲਾਨ ਕਰਨ ਦੀ ਥਾਂ ਪੰਜਾਬ ਲਈ ਕੁਝ ਬਿਹਤਰ ਕੰਮ ਕਰਨ। ਚੁੱਘ ਨੇ ਕਿਹਾ ਕਿ ਸੂਬੇ 'ਚ ਕਣਕ ਦੀ ਖ਼ਰੀਦ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ ਅਤੇ ਸੂਬੇ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਤਾਜ਼ਾ ਘਟਨਾਵਾਂ ਨੇ ਪੰਜਾਬ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਮਾਨ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਸੀ ਪਰ ਸਰਕਾਰ ਕਿਸਾਨ ਸਮੂਹ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨ ਦਾ ਕੀਤਾ ਉਦਘਾਟਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar