ਜੰਗ ਦਾ ਮੈਦਾਨ ਬਣੇਗੀ 'ਆਪ' ਦੀ ਕਾਨਫਰੰਸ, ਇੱਕੋ ਮੰਚ 'ਤੇ ਭਿੜਨਗੇ ਖਹਿਰਾ-ਮਾਨ! (ਵੀਡੀਓ)

08/10/2018 7:21:59 PM

ਚੰਡੀਗੜ੍ਹ : ਆਜ਼ਾਦੀ ਦਿਹਾੜੇ ਮੌਕੇ ਈਸੜੂ (ਲੁਧਿਆਣਾ) ਵਿਖੇ ਆਮ ਆਦਮੀ ਪਾਰਟੀ ਵਲੋਂ ਰੱਖੀ ਗਈ ਸਿਆਸੀ ਕਾਨਫਰੰਸ ਜੰਗ ਦਾ ਮੈਦਾਨ ਬਣ ਸਕਦੀ ਹੈ ਕਿਉਂਕਿ ਇਸ ਦਿਨ ਖਹਿਰਾ ਤੇ ਮਾਨ ਧੜੇ ਵਲੋਂ ਇੱਕੋ ਮੰਚ 'ਤੇ ਆਪਸ 'ਚ ਭਿੜਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਕਾਨਫਰੰਸ ਹੁਣ ਪਾਰਟੀ ਲਈ ਗਲੇ ਦੀ ਹੱਡੀ ਬਣ ਗਈ ਹੈ।
ਅਸਲ 'ਚ ਸੁਖਪਾਲ ਖਹਿਰਾ ਦੀ 2 ਅਗਸਤ ਨੂੰ ਬਠਿੰਡਾ 'ਚ ਹੋਈ ਕਨਵੈਂਸ਼ਨ ਦੇ ਜਵਾਬ 'ਚ ਪਾਰਟੀ ਨੇ ਈਸੜੂ 'ਚ ਕਾਨਫਰੰਸ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਖਹਿਰਾ ਨੇ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਉਹ ਆਪਣੇ ਧੜੇ ਦੇ ਸਾਰੇ 7 ਵਿਧਾਇਕਾਂ ਸਮੇਤ ਇਸ ਕਾਨਫਰੰਸ 'ਚ ਸ਼ਿਰੱਕਤ ਕਰਨਗੇ। ਉਨ੍ਹਾਂ ਦਾ ਤਰਕ ਹੈ ਕਿ ਉਨ੍ਹਾਂ ਦਾ ਧੜਾ 'ਆਪ' ਨਾਲੋਂ ਵੱਖਰਾ ਨਹੀਂ ਹੈ, ਸਗੋਂ ਪੰਜਾਬ 'ਆਪ' ਦੀ ਵਕਾਲਤ ਕਰ ਰਿਹਾ ਹੈ। 
ਉਨ੍ਹਾਂ ਕਿਹਾ ਕਿ ਇਸੇ ਲਈ ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਹੋਣ ਵਾਲੀ ਕਾਨਫਰੰਸ ਤੇ ਰੈਲੀਆਂ 'ਚ ਉਨ੍ਹਾਂ ਦਾ ਧੜਾ ਜ਼ਰੂਰ ਸ਼ਾਮਲ ਹੋਵੇਗਾ। ਦਿੱਲੀ ਧੜੇ ਦੀ ਮਰਜ਼ੀ ਹੈ ਕਿ ਖਹਿਰਾ ਇਸ ਕਾਨਫਰੰਸ 'ਚ ਸ਼ਾਮਲ ਨਾ ਹੋਵੇ। ਹੁਣ ਇਹ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਦੋਹਾਂ ਧੜਿਆਂ ਦੇ ਆਗੂ ਇਸ ਕਾਨਫਰੰਸ ਦੌਰਾਨ ਆਪਸ 'ਚ ਭਿੜ ਸਕਦੇ ਹਨ। 15 ਅਗਸਤ ਨੂੰ ਈਸੜੂ ਕਾਨਫਰੰਸ 'ਚ ਆਉਣ ਵਾਲੀ ਕਾਰਕੁੰਨਾਂ ਦੀ ਭੀੜ ਵੀ ਖਹਿਰਾ ਨਾਲ ਖੜ੍ਹੀ ਹੋ ਸਕਦੀ ਹੈ। 
ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਸਹਿਯੋਗੀ 'ਲੋਕ ਇਨਸਾਫ ਪਾਰਟੀ' ਦਾ ਅੰਦਰਖਾਤੇ ਖਹਿਰਾ ਨੂੰ ਖੁੱਲ੍ਹਾ ਸਮਰਥਨ ਹੈ। ਨਤੀਜੇ ਵਜੋਂ ਖਹਿਰਾ ਧੜੇ ਦੇ ਸਮਰਥਕਾਂ ਦੀ ਗਿਣਤੀ ਈਸੜੂ 'ਚ ਦਿੱਲੀ ਧੜੇ ਜਾਂ ਮਾਨ ਧੜੇ ਨਾਲੋਂ ਜ਼ਿਆਦਾ ਹੋਣਾ ਤੈਅ ਹੈ। ਇਹ ਹੀ ਕਾਰਨ ਹੈ ਕਿ ਖਹਿਰਾ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਵੱਖਰਾ ਮੰਚ ਨਹੀਂ ਬਣਾਉਣਗੇ।  ਭਗਵੰਤ ਮਾਨ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਈਸੜੂ ਦੀ ਕਾਨਫਰੰਸ 'ਚ ਹਿੱਸਾ ਲਵੇਗੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਖਹਿਰਾ ਮੰਚ 'ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ ਪਰ ਉਨ੍ਹਾਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਜਿੱਠਣਾ ਉਨ੍ਹਾਂ ਨੂੰ ਵੀ ਆਉਂਦਾ ਹੈ।