ਚੋਣਾਂ ''ਚ ਪੁਰਾਣੇ ਬੋਹੜ-ਟਾਹਲੀਆਂ ਸਭ ਢਹਿ-ਢੇਰੀ ਹੋ ਜਾਣਗੇ : ਭਗਵੰਤ ਮਾਨ

12/20/2016 12:46:50 PM

ਨਵਾਂਸ਼ਹਿਰ (ਤ੍ਰਿਪਾਠੀ)— ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਪੱਲੀਝਿੱਕੀ ਵਿਖੇ ਵੱਡੇ ਇਕੱਠ ਨੂੰ ਆਗਾਹ ਕਰਦਿਆਂ ਕਿਹਾ ਕਿ 1857 ਦੀ ਗਦਰ ਲਹਿਰ ਦੇ ਟੁੱਟਣ ਨਾਲ ਦੇਸ਼ ਨੂੰ ਆਜ਼ਾਦੀ 90 ਸਾਲ ਦੀ ਦੇਰੀ ਨਾਲ ਮਿਲੀ। ਜੇਕਰ ਪੰਜਾਬ ਦੇ ਲੋਕਾਂ ਨੇ ਆਉਣ ਵਾਲੀਆਂ ਪੰਜਾਬ ਚੋਣਾਂ ''ਚ ਕਾਂਗਰਸ ਅਤੇ ਅਕਾਲੀ ਦਲ ਖਿਲਾਫ ਇਕਜੁਟਤਾ ਵਿਚ ਕਮੀ ਛੱਡੀ ਤਾਂ ਪੰਜਾਬ ''ਚ ਮੁੜ ਕ੍ਰਾਂਤੀ ਆਉਣ ਵਿਚ ਕਿੰਨੀ ਦੇਰ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।
ਉਨ੍ਹਾਂ ਨੇ ਬਾਦਲਾਂ ''ਤੇ ਹਮਲਾ ਬੋਲਦਿਆਂ ਕਿਹਾ ਕਿ ਆਗਾਮੀ ਚੋਣਾਂ ''ਚ ਅਕਾਲੀ-ਭਾਜਪਾ ਨੂੰ ਵੋਟਾਂ ਨਾ ਮਿਲੀਆਂ ਤਾਂ ''ਆਪ'' ਦੇ ਕਨਵੀਨਰ ਅਰਵਿੰਦ ਕੇਜਰੀਵਾਲ ''ਤੇ ਦਿੱਲੀ ਤੋਂ ਆਉਣ ਵਾਲੀਆਂ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਵੀ ਲਾ ਸਕਦੇ ਹਨ। ਮਾਨ ਨੇ ਕਿਹਾ ਕਿ ਚੋਣਾਂ ਵਿਚ ਪੁਰਾਣੇ ਬੋਹੜ-ਟਾਹਲੀਆਂ ਸਭ ਢਹਿ-ਢੇਰੀ ਹੋ ਜਾਣਗੇ ਅਤੇ ਨਵਾਂਸ਼ਹਿਰ ਤੇ ਬੰਗਾ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ਹਰਜੋਤ ਕੌਰ ਵਰਗੇ ਗੇਂਦੇ ਦੇ ਫੁੱਲ ਹੀ ਖਿੜਨਗੇ। ਇਸ ਤੋਂ ਪਹਿਲਾਂ ਨਵਾਂਸ਼ਹਿਰ ਵਿਖੇ ਚਰਨਜੀਤ ਸਿੰਘ ਚੰਨੀ ਨੇ ਸ਼ਹਿਰ ਦੇ ਮੁੱਖ ਮਾਰਗਾਂ ''ਤੇ ਵਿਸ਼ਾਲ ਰੋਡ ਸ਼ੋਅ ਕੱਢਣ ਮੌਕੇ ਕਿਹਾ ਕਿ ''ਆਪ'' ਦੇ ਕਨਵੀਨਰ ਅਤੇ ਆਗੂਆਂ ਨੂੰ ਝੂਠਾ ਬਦਨਾਮ ਕਰਨ ਦਾ ਜਵਾਬ ਲੋਕ ਵਿਧਾਨ ਸਭਾ ਚੋਣਾਂ ਵਿਚ ਉਸੇ ਤਰ੍ਹਾਂ ਦੇਣਗੇ, ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਦਿੱਲੀ ਚੋਣਾਂ ਵਿਚ ਭਾਜਪਾ ਤੇ ਕਾਂਗਰਸ ਦਾ ਸੂਪੜਾ ਸਾਫ ਕਰ ਕੇ ਦਿੱਤਾ ਸੀ।