''ਆਪ'' ਵਲੋਂ ਲੋਕ ਸਭਾ ਚੋਣਾਂ ਲਈ ਭਗਵੰਤ ਮਾਨ ਸਮੇਤ 5 ਉਮੀਦਵਾਰਾਂ ਦਾ ਐਲਾਨ

10/30/2018 12:24:13 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਸਿਆਸੀ ਜਮਾਤਾਂ ਨੂੰ ਪਿੱਛੇ ਛੱਡਦਿਆਂ ਲੋਕ ਸਭਾ ਚੋਣਾਂ ਲਈ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 'ਆਪ' ਕੋਰ ਕਮੇਟੀ ਦੇ ਚੇਅਰਮੈਨ ਬੁੱਧਰਾਮ ਦੀ ਅਗਵਾਈ 'ਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਹੁਸ਼ਿਆਰਪੁਰ ਤੋਂ ਰਵਜੋਤ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਫਾਈਨਲ ਕੀਤਾ ਗਿਆ ਹੈ। 

ਕੁਲਦੀਪ ਸਿੰਘ ਧਾਲੀਵਾਲ ਪਾਰਟੀ ਦੇ ਪੁਰਾਣੇ ਵਰਕਰ ਮੰਨੇ ਜਾਂਦੇ ਹਨ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਅਮਰੀਕਾ ਦੀ ਸਿਟੀਜਨਸ਼ਿਪ ਛੱਡ ਕੇ ਭਾਰਤ ਆਏ ਸਨ ਤੇ ਰਾਜਾਸਾਂਸੀ ਜਾਂ ਅਜਨਾਲਾ ਤੋਂ ਚੋਣ ਲੜਨ ਦੇ ਇੱਛੁਕ ਸਨ। ਇਨ੍ਹਾਂ ਦਾ ਪਿੰਡ ਜਗਦੇਵ ਕਲਾਂ ਦੱਸਿਆ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਸ਼ਾਮ ਚੁਰਾਸੀ ਤੋਂ ਪਿਛਲੀ ਵਿਧਾਨ ਸਭਾ ਚੋਣ ਲੜੇ ਸਨ ਪਰ ਹਾਰ ਮਿਲੀ ਸੀ। ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਪਿਛਲੀਆਂ ਵਿਧਾਨ ਸਭਾ ਚੋਣਾ ਵੇਲੇ ਖਰੜ ਤੋਂ ਚੋਣ ਲੜਨ ਦੇ ਇੱਛੁਕ ਸਨ

ਦੱਸ ਦੇਈਏ ਕਿ ਐਤਵਾਰ ਨੂੰ ਪੰਜਾਬ 'ਆਪ' ਕੋਰ ਕਮੇਟੀ ਦੇ ਮੈਂਬਰਾਂ ਦੀ ਦਿੱਲੀ 'ਚ ਹਾਈਕਮਾਨ ਨਾਲ ਬੈਠਕ ਤੈਅ ਕੀਤੀ ਗਈ ਸੀ ਅਤੇ ਇਸ 'ਚ ਆਪ ਕੋਰ ਕਮੇਟੀ ਦੇ ਮੈਂਬਰ ਕਮੇਟੀ ਦੇ ਚੇਅਰਮੈਨ ਬੁੱਧਰਾਮ ਦੀ ਅਗਵਾਈ 'ਚ ਦਿੱਲੀ ਪੁੱਜੇ ਸਨ। ਇਸ ਮੀਟਿੰਗ ਦੌਰਾਨ ਅਗਲੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕੀਤੀ ਗਈ ਸੀ ਅਤੇ ਹਾਈਕਮਾਨ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਉਕਤ ਨਾਵਾਂ ਦਾ ਐਲਾਨ ਕਰਨ ਦੀ ਤਿਆਰੀ ਪੂਰੀ ਕਰ ਲਈ ਗਈ ਸੀ।