''ਆਪ'' ਤੇ ਕਾਂਗਰਸ ਦੀਆਂ ਦਿੱਲੀ ''ਚ ਵੱਧਦੀਆਂ ਨਜ਼ਦੀਕੀਆਂ ਦਾ ਕੀ ਪੰਜਾਬ ''ਚ ਵੀ ਦਿਸੇਗਾ ਅਸਰ?

03/15/2018 1:13:38 PM

ਜਲੰਧਰ (ਬੁਲੰਦ)— ਸੀਲਿੰਗ ਦੇ ਮੁੱਦੇ ਕਾਰਨ ਦਿੱਲੀ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ 'ਚ ਨਜ਼ਦੀਕੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਦਾ ਸਬੂਤ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ 'ਚ ਚੱਲ ਰਹੀ ਸੀਲਿੰਗ ਕਾਰਨ ਆਪਣੇ ਘਰ 'ਚ ਬੁਲਾਈ ਗਈ ਇਸ ਬੈਠਕ 'ਚ ਦਿੱਲੀ ਕਾਂਗਰਸ ਕਮੇਟੀ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਦਿੱਲੀ ਭਾਜਪਾ ਨੇ ਇਸ ਬੈਠਕ ਦਾ ਬਾਈਕਾਟ ਕੀਤਾ। ਨਾਰਾਜ਼ ਭਾਜਪਾ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸਲ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਓਧਰ ਬੈਠਕ 'ਚ ਸੀਲਿੰਗ ਦੇ ਮੁੱਦੇ 'ਤੇ ਕਾਂਗਰਸ ਅਤੇ 'ਆਪ' ਆਗੂਆਂ ਨੇ ਇਕ ਸੁਰ ਹੁੰਦੇ ਹੋਏ ਸੀਲਿੰਗ ਤੋਂ ਦਿੱਲੀ ਨੂੰ ਬਚਾਉਣ ਲਈ ਕਈ ਨਵੇਂ ਫਾਰਮੂਲੇ ਕੱਢੇ। ਇਨ੍ਹਾਂ 'ਚੋਂ ਇਕ ਤਾਂ ਸੁਪਰੀਮ ਕੋਰਟ ਦੀ ਮਾਨੀਟਰਿੰਗ ਕਮੇਟੀ ਵੱਲੋਂ ਇਕ ਵਫਦ ਬਣਾ ਕੇ ਮਿਲਣਾ ਸੀ। ਇਸ ਮੌਕੇ ਦੋਵੇਂ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੀਲਿੰਗ ਦਾ ਜਮ ਕੇ ਵਿਰੋਧ ਕੀਤਾ। ਦੋਵੇਂ ਪਾਰਟੀਆਂ ਦੀ ਆਪਸੀ ਰਜ਼ਾਮੰਦੀ ਨੂੰ ਦੇਖਦੇ ਹੋਏ ਰਾਜਨੀਤਕ ਮਾਹਿਰਾਂ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਮੋਦੀ ਸਰਕਾਰ ਦੇ ਖਿਲਾਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਹ ਫ੍ਰੈਂਡਲੀ ਮੈਚ ਲੰਮਾ ਚੱਲੇ। ਓਧਰ ਸੀਲਿੰਗ ਦੇ ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਟਵੀਟ 'ਤੇ ਕੇਜਰੀਵਾਲ ਨੇ ਉਨ੍ਹਾਂ ਦਾ ਸਮਰਥਨ ਕੀਤਾ। 
ਦਿੱਲੀ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਵੱਧਦੀਆਂ ਨਜ਼ਦੀਕੀਆਂ ਦਾ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਸਕਦਾ ਹੈ। ਅਜਿਹਾ ਕਹਿਣਾ ਹੈ ਪੰਜਾਬ ਦੇ ਸਿਆਸੀ ਮਾਹਰਾਂ ਦਾ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਪਿਛਲੀਆਂ ਕਈ ਚੋਣਾਂ ਵਿਚ ਲਗਾਤਾਰ ਮੂੰਹ ਦੀ ਖਾਧੀ ਹੈ। 2014 ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਿਚ ਲਗਾਤਾਰ ਕਮਜ਼ੋਰ ਹੋਈ ਹੈ। ਵਿਧਾਨ ਸਭਾ ਚੋਣਾਂ ਵਿਚ ਮਹਿਜ 20 ਸੀਟਾਂ ਤੱਕ ਸੀਮਤ ਰਹਿ ਕੇ ਪਾਰਟੀ ਨੇ ਵੱਡੀ ਹਾਰ ਦਾ ਮੂੰਹ ਦੇਖਿਆ ਸੀ। ਇਸ ਤੋਂ ਬਾਅਦ ਨਿਗਮ ਚੋਣਾਂ 'ਚ ਪਾਰਟੀ ਦਾ ਸੂਪੜਾ ਵੀ ਸਾਫ ਹੋ ਗਿਆ ਹੈ। ਪੰਜਾਬ 'ਚ ਆਪਣੀ ਸਾਖ ਬਚਾਉਣ ਦੇ ਚੱਕਰ 'ਚ ਲੱਗੀ ਆਮ ਆਦਮੀ ਪਾਰਟੀ ਲਈ ਹੁਣ ਕੋਈ ਨਾ ਕੋਈ ਸਿਆਸੀ ਦੋਸਤ ਬਣਨਾ ਜ਼ਰੂਰੀ ਹੁੰਦਾ ਜਾ ਰਿਹਾ ਹੈ। 
ਦਿੱਲੀ 'ਚ ਆਮ ਆਦਮੀ ਪਾਰਟੀ ਲਗਾਤਾਰ ਕਮਜ਼ੋਰ ਹੋਈ ਹੈ। ਪਾਰਟੀ ਦਾ ਕਾਂਗਰਸ ਦੇ ਨਾਲ ਨਜ਼ਦੀਕੀਆਂ ਵੱਧਾਉਣਾ 2019 ਲੋਕ ਸਭਾ ਚੋਣਾਂ ਲਈ ਤਿਆਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਮਾਮਲੇ ਬਾਰੇ ਪੰਜਾਬ ਵਿਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਹਾਲਤ ਕਾਫੀ ਖਸਤਾ ਹੈ। ਪਾਰਟੀ ਦੇ ਜ਼ਿਆਦਾਤਰ ਵਰਕਰ ਅਤੇ ਕਈ ਵੱਡੇ ਆਗੂ ਪਾਰਟੀ ਨੂੰ ਛੱਡ ਕੇ ਕਾਂਗਰਸ ਜਾਂ ਅਕਾਲੀ ਦਲ ਦਾ ਹੱਥ ਫੜ ਚੁੱਕੇ ਹਨ। ਜੇਕਰ ਪਾਰਟੀ ਨੇ ਆਪਣਾ ਸਿਆਸੀ ਆਧਾਰ ਪੰਜਾਬ 'ਚ ਦੁਬਾਰਾ ਕਾਇਮ ਕਰਨਾ ਹੈ ਤਾਂ ਕਾਂਗਰਸ ਜਿਹੀ ਵੱਡੀ ਪਾਰਟੀ ਦੇ ਨਾਲ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ 'ਚ ਹੋਈ ਫ੍ਰੈਂਡਸ਼ਿਪ ਕੀ ਮਹਿਜ ਸੀਲਿੰਗ ਦੇ ਮੁੱਦੇ ਤੱਕ ਸੀਮਤ ਰਹਿੰਦੀ ਹੈ ਜਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਇਨ੍ਹਾਂ ਦੀ ਦੋਸਤੀ ਚੱਲਦੀ ਹੈ।