ਪਾਰਟੀ 'ਚੋਂ ਕੱਢੇ ਸੰਧੂ ਤੇ ਖਹਿਰਾ, ਬਣੇ ਰਹਿਣਗੇ ਵਿਧਾਇਕ

11/03/2018 6:27:53 PM

ਜਲੰਧਰ (ਵੈੱਬ ਡੈਸਕ)—  ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ 'ਚ ਪਏ ਖਿਲਾਰੇ ਨੂੰ ਅੱਜ ਉਸ ਸਮੇਂ ਨਵਾਂ ਮੋੜ ਮਿਲਿਆ, ਜਦੋਂ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ 'ਆਪ' ਨਾਲ ਸਿੱਧੀ ਟੱਕਰ ਲੈ ਰਹੇ ਸਨ। ਉਨ੍ਹਾਂ ਨੇ ਪਾਰਟੀ 'ਚ ਰਹਿੰਦਿਆਂ ਪਾਰਟੀਆਂ ਦੀਆਂ ਅਨੇਕਾ ਗਤੀਵਿਧੀਆਂ ਦਾ ਵਿਰੋਧ ਕੀਤਾ। ਇਸ ਵਿਰੋਧ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਇਕ ਨਵਾਂ ਧੜ੍ਹਾ ਬਣਾਇਆ। ਇਸ ਧੜ੍ਹੇ ਨੇ ਬਠਿੰਡਾ 'ਚ ਵੱਡੀ ਕਨਵੈਨਸ਼ਨ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਢਲੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਧੜ੍ਹੇ ਨੇ ਆਮ ਆਦਮੀ ਪਾਰਟੀ ਦਿੱਲੀ ਖਿਲਾਫ ਖੁੱਲ੍ਹਮ-ਖੁੱਲ੍ਹੀ ਬਗਾਵਤ ਕੀਤੀ। ਖਹਿਰਾ ਦੇ ਨਾਲ ਉਨ੍ਹਾਂ ਦੀ ਸੱਜੀ ਬਾਂਹ ਕਹੇ ਜਾਣ ਵਾਲੇ ਕੰਵਰ ਸੰਧੂ ਨੂੰ ਵੀ ਦਿੱਲੀ ਤੋਂ ਹੋਏ ਹੁਕਮਾਂ ਅਨੁਸਾਰ ਸਸਪੈਂਡ ਕਰ ਦਿੱਤਾ ਗਿਆ। ਖਹਿਰਾ ਤੋਂ ਬਾਅਦ ਇਸ ਧੜੇ ਦੇ ਪ੍ਰਮੁੱਖ ਆਗੂ ਕੰਵਰ ਸੰਧੂ ਨੇ ਵੀ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਖੁੱਲ੍ਹ ਕੇ ਬੇਨਕਾਬ ਕੀਤਾ ਅਤੇ ਖਹਿਰਾ ਦੇ ਪੈਰ 'ਚ ਪੈਰ ਧਰਦੇ ਰਹੇ। 

ਇਸ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦਾ ਦਿੱਲੀ ਧੜ੍ਹਾ ਖਹਿਰਾ ਧੜ੍ਹੇ ਦੇ ਵਿਰੋਧ 'ਚ ਆਣ ਖੜ੍ਹਾ ਹੋਇਆ, ਉੱਥੇ ਹੀ ਸਮੇਂ-ਸਮੇਂ 'ਤੇ ਖਹਿਰਾ ਅਤੇ ਸਾਥੀਆਂ ਨੂੰ ਪਾਰਟੀ 'ਚੋਂ ਕੱਢੇ ਜਾਣ ਦੀਆਂ ਚਰਚਾਵਾਂ ਵੀ ਗਰਮ ਰਹੀਆਂ। ਇਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਅਤੇ ਡਾ. ਬਲਬੀਰ ਨੇ ਖਹਿਰਾ ਅਤੇ ਸਾਥੀਆਂ ਵਿਚਕਾਰ ਇਕ-ਦੂਜੇ ਖਿਲਾਫ ਤਿੱਖੀ ਬਿਆਨਬਾਜ਼ੀ ਦਾ ਦੌਰ ਜਾਰੀ ਰਿਹਾ। ਡਾ. ਬਲਬੀਰ ਅਤੇ ਭਗਵੰਤ ਮਾਨ ਖਹਿਰਾ ਧੜੇ ਦੇ ਵਿਰੋਧ 'ਚ ਖੁੱਲ੍ਹ ਕੇ ਸਾਹਮਣੇ ਆਏ। ਭਾਵੇਂ ਕਿ ਦੋਹਾਂ ਧੜ੍ਹਿਆਂ ਦੀ ਆਪਸੀ ਸੁਲ੍ਹਾ-ਸਫਾਈ ਦੀ ਵੀ ਚਰਚਾ ਗਰਮ ਰਹੀ ਪਰ ਇਹ ਸੁਲ੍ਹਾ-ਸਫਾਈ ਕੋਰੀ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕੁਝ ਵੀ ਸਾਬਤ ਨਾ ਹੋ ਸਕੀ। 

ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਖਹਿਰਾ ਦਾ ਕੱਦ ਹੋਇਆ ਹੋਰ ਵੀ ਉੱਚਾ
ਇਸ ਸਮੁੱਚੇ ਘਟਨਾਕ੍ਰਮ 'ਚ ਜਦੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਦਾ ਸਿਆਸੀ ਕੱਦ ਘਟਣ ਦੀ ਬਜਾਏ ਹੋਰ ਵੀ ਉੱਚਾ ਹੋ ਗਿਆ। ਪੰਜਾਬ ਦੇ ਲੋਕਾਂ ਨੇ ਖਹਿਰਾ ਵੱਲੋਂ ਵਿਰੋਧੀ ਧਿਰ ਦੇ ਅਹੁਦੇ 'ਤੇ ਰਹਿੰਦਿਆਂ ਕੀਤੀ ਕਾਰਗੁਜ਼ਾਰੀ ਨੂੰ ਰੱਜ ਸ਼ਲਾਘਾ ਕੀਤੀ ਸੀ, ਜਿਸ ਦਾ ਫਾਇਦਾ ਖਹਿਰਾ ਦੇ ਸਿਆਸੀ ਕਰੀਅਰ ਨੂੰ ਮਿਲਿਆ। ਇਸ ਕਾਰਗੁਜ਼ਾਰੀ 'ਚ ਰਾਣਾ ਗੁਰਜੀਤ ਦਾ ਅਸਤੀਫਾ ਮੁੱਖ ਤੌਰ 'ਤੇ ਸ਼ਾਮਲ ਸੀ। 

ਖਹਿਰਾ ਅਤੇ ਸੰਧੂ ਬਣੇ ਰਹਿਣਗੇ ਵਿਧਾਇਕ
ਆਮ ਆਦਮੀ ਪਾਰਟੀ ਦਿੱਲੀ ਧੜ੍ਹੇ ਵੱਲੋਂ ਭਾਵੇਂ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਉਹ ਪੰਜਾਬ ਵਿਧਾਨਸਭਾ 'ਚ ਵਿਧਾਇਕ ਦੇ ਅਹੁਦੇ 'ਤੇ ਬਰਕਰਾਰ ਰਹਿਣਗੇ। ਨਿਯਮਾਂ ਅਨੁਸਾਰ ਜਦੋਂ ਵੀ ਕੋਈ ਪਾਰਟੀ ਕਿਸੇ ਵਰਕਰ ਨੂੰ ਸਸਪੈਂਡ ਕਰ ਦਿੰਦੀ ਹੈ ਤਾਂ ਉਸ ਦਾ ਮੌਜੂਦਾ ਅਹੁਦਾ ਬਰਕਰਾਰ ਰਹਿੰਦਾ ਹੈ, ਇਸ ਦੇ ਉਲਟ ਜੇਕਰ ਕੋਈ ਪਾਰਟੀ ਵਰਕਰ ਪਾਰਟੀ ਤੋਂ ਅਸਤੀਫਾ ਦਿੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਵੀ ਹੱਥ ਧੌਣੇ ਪੈਂਦੇ ਹਨ। ਆਮ ਆਦਮੀ ਪਾਰਟੀ ਦੇ ਇਸ ਫੈਸਲੇ ਦਾ ਸਿੱਧਾ-ਸਿੱਧਾ ਫਾਇਦਾ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮਿਲੇਗਾ।