''ਆਪ'' ਨੇ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਮੰਗ ਦੁਹਰਾਈ

02/14/2019 3:33:07 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਮੁੜ ਮੰਗ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਰਜ ਕੇਸ ਅਮਨ ਅਰੋੜਾ ਬਨਾਮ ਸਪੀਕਰ ਪੰਜਾਬ ਵਿਧਾਨ ਸਭਾ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਪੀਕਰ ਇਸ ਸਬੰਧੀ ਕੋਈ ਫ਼ੈਸਲਾ ਲੈਣ ਅਤੇ ਕਾਰਵਾਈ ਨੂੰ ਸੰਪੂਰਨ ਤੌਰ 'ਤੇ ਨਾ ਕਿ ਕੱਟ-ਵੱਢ ਕੇ ਲਾਈਵ ਕਰਨ। ਉਨ੍ਹਾਂ ਕਿਹਾ ਕਿ ਕਾਰਵਾਈ ਦਾ ਲਾਈਵ ਟੈਲੀਕਾਸਟ ਮੈਂਬਰਾਂ ਦੀ ਆਪਣੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰੁਸਤ ਕਰੇਗਾ, ਇਸ ਲਈ ਇਸ ਕਾਰਵਾਈ ਦਾ ਸਿੱਧਾ ਪ੍ਰਸਾਰਨ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਬਰਾਬਰਤਾ ਦੇ ਨਿਯਮ ਅਨੁਸਾਰ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਦੀ ਕਾਰਵਾਈ ਦਾ ਪ੍ਰਸਾਰਨ ਕੀਤਾ ਜਾਵੇ ਨਾ ਕਿ ਸਿਰਫ਼ ਸਰਕਾਰ ਨਾਲ ਸੰਬੰਧਤ ਮੁੱਦਿਆਂ 'ਤੇ। ਅਰੋੜਾ ਨੇ ਕਿਹਾ ਕਿ ਜੇਕਰ ਸਪੀਕਰ ਨੇ ਇਸ 'ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਮੁੜ  ਪੰਜਾਬ ਅਤੇ ਹਰਿਆਣਾ ਹਾਈ ਕੋਰਟ  'ਚ ਜਾਣ ਲਈ ਮਜਬੂਰ ਹੋਣਗੇ।
 

Anuradha

This news is Content Editor Anuradha