ਸੱਤਾ ਤੋਂ ਦੂਰ ਹੁੰਦੇ ਹੀ ਅਕਾਲੀ ਦਲ ਨੂੰ ਚੇਤੇ ਆ ਜਾਂਦੈ ਪੰਥ : ਮਾਨ

01/15/2018 6:22:40 PM

ਸੰਗਰੂਰ (ਰਾਜੇਸ਼ ਕੋਹਲੀ) — 'ਆਪ' ਦੇ ਸੰਗਰੂਰ ਤੋਂ ਲੋਕਸਭਾ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਧਰਮ ਦੇ ਆਧਾਰ 'ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਮਾਨ ਨੇ ਕਿਹਾ ਕਿ ਜੱਥੇਦਾਰ ਸੁਖਬੀਰ ਬਾਦਲ ਦੀ ਜੇਬ 'ਚੋਂ ਨਿਕਲਦੇ ਹਨ ਤੇ ਅਕਾਲੀ ਦਲ ਸਭ ਤੋਂ ਵੱਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ। ਉਨ੍ਹਾਂ ਨੇ ਸਵਾਲ ਉਠਾਇਆ ਕਿ ਫਤਿਹਗੜ੍ਹ ਸਾਹਿਬ 'ਚ ਧਾਰਮਿਕ ਸਮਾਗਮ 'ਚ ਰੈਲੀ ਨਾ ਕਰਨ ਵਾਲੇ ਅਕਾਲੀ ਦਲ ਨੇ ਮੁਕਤਸਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨਿਆ?
ਉਨ੍ਹਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਕ ਸੰਪਰਦਾਇਕ ਪਾਰਟੀ ਹੈ, ਜੋ ਧਰਮ ਦਾ ਸਹਾਰਾ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਹੈ। ਅਕਾਲੀ ਦਲ ਜਦ ਸੱਤਾ 'ਚ ਹੁੰਦਾ ਹੈ ਤਾਂ ਉਸ ਨੂੰ ਪੰਥ ਦਿਖਾਈ ਨਹੀਂ ਦਿੰਦਾ ਪਰ ਜਦ ਸੱਤਾ ਤੋਂ ਦੂਰ ਹੋ ਜਾਂਦਾ ਹੈ ਤਾਂ ਉਸ ਨੂੰ ਪੰਥ ਦੀ ਫਿਕਰ ਹੋਣ ਲਗਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਅਕਾਲੀ ਦਲ ਦੀ ਵਜ੍ਹਾ ਨਾਲ ਹੀ ਧੜੇਬੰਦੀਆਂ ਪੈਦਾ ਹੋ ਰਹੀਆਂ ਹਨ ਤੇ ਗੁਰਦੁਆਰਿਆਂ 'ਚ ਤਲਵਾਰਾਂ ਤਕ ਚੱਲ ਰਹੀਆਂ ਹਨ। 
ਉਥੇ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਦੇ 'ਤੇ ਕੈਪਟਨ ਸਰਕਾਰ 'ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਪੁਲਸ ਦਾ ਸਿਆਸੀਕਰਨ ਕੀਤਾ ਹੈ ਤੇ ਪੰਜਾਬ 'ਚ ਆਰਥਿਕ ਸੰਕਟ ਪੈਦਾ ਕੀਤਾ ਹੈ। ਉਨ੍ਹਾਂ ਨੇ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ ਮੁਆਫ ਕਰਨ ਨੂੰ ਵੀ ਇਕ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਸਰਕਾਰ ਲੋਕਾਂ ਨੂੰ ਦਿਖਾਉਣ ਲਈ ਫਜ਼ੂਲ ਖਰਚ ਨਾ ਕਰਨ ਦੇ ਦਾਅਵੇ ਕਰਦੀ ਹੈ, ਉਸ ਕਾਂਗਰਸ ਸਰਕਾਰ ਨੇ ਮਾਨਸਾ 'ਚ ਕਰੋੜਾਂ ਰੁਪਏ ਵਹਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਵੀ ਇੰਝ ਹੀ ਕਰਦਾ ਸੀ। ਅਕਾਲੀ ਦਲ ਨੇ ਵੀ ਪੰਜਾਬ ਦੀ ਲੱਖਾਂ ਕਰੋੜਾਂ ਦੀ ਸੰਪਤੀ ਇਸੇ ਤਰ੍ਹਾਂ ਫਜ਼ੂਲ ਖਰਚੀ 'ਚ ਵੇਚ ਦਿੱਤੀ ਸੀ। ਭਗਵੰਤ ਮਾਨ ਨੇ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਕੋਰਟ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਚੁੱਕੇ ਸਵਾਲਾਂ 'ਤੇ ਚਿੰਤਾ ਜਾਹਿਰ ਕੀਤੀ ਤੇ ਨਾਲ ਹੀ ਕੇਂਦਰ ਸਰਕਾਰ 'ਤੇ ਲੋਕਤੰਤਰ ਦੇ ਚਾਰੇ ਥੰਮਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਏ।
ਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਆਵਾਜ਼ ਉਠਾਉਂਦੇ ਰਹੇ ਹਨ ਕਿ ਚੋਣ ਮੈਨੀਫੈਸਟੋ ਨੂੰ ਰਜਿਸਟਡ ਦਸਤਾਵੇਜ਼ ਬਨਾਉਣੇ ਚਾਹੀਦੇ ਹਨ ਕਿਉਂਕਿ ਚੋਣਾਂ ਤੋਂ ਪਹਿਲਾਂ ਪਾਰਟੀਆਂ ਤੇ ਆਗੂ ਲੋਕਾਂ ਨੂੰ ਝੂਠੇ ਵਾਅਦੇ ਕਰਦੇ ਨਹੀਂ ਥਕਦੇ ਪਰ ਸਰਕਾਰ ਬਨਣ ਤੋਂ ਬਾਅਦ ਉਹ ਪਾਰਟੀਆਂ ਸਭ ਵਾਅਦੇ ਭੁੱਲ ਜਾਂਦੀਆਂ ਹਨ, ਜੋ ਕਿ ਲੋਕਾਂ ਦੇ ਨਾਲ ਇਕ ਤਰ੍ਹਾਂ ਦੀ ਠੱਗੀ ਹੈ।