ਨਗਰ ਕੌਂਸਲ ਦੀ ਟੀਮ ਵੱਲੋਂ ਬਾਜ਼ਾਰਾਂ ਦਾ ਦੌਰਾ

04/24/2018 6:16:00 AM

ਕਪੂਰਥਲਾ, (ਗੁਰਵਿੰਦਰ ਕੌਰ)- ਨਗਰ ਕੌਂਸਲ ਕਪੂਰਥਲਾ ਦੀ ਟੀਮ ਵਲੋਂ ਈ. ਓ. ਕੁਲਭੂਸ਼ਣ ਗੋਇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਕਪੂਰਥਲਾ ਦੇ ਵੱਖ-ਵੱਖ ਬਾਜ਼ਾਰਾਂ ਤੇ ਸ਼ੇਖੂਪੁਰ 'ਚ ਨਾਜਾਇਜ਼ ਕਬਜ਼ਿਆਂ ਸਬੰਧੀ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦੇ ਮੌਕੇ 'ਤੇ 19 ਚਲਾਨ ਕੱਟੇ ਗਏ।
ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕੁਲਵੰਤ ਸਿੰਘ ਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜਲੌਖਾਨਾ ਚੌਕ ਨਜ਼ਦੀਕ, ਅੰਮ੍ਰਿਤ ਬਾਜ਼ਾਰ, ਕਸੇਰੀਆ ਬਾਜ਼ਾਰ ਤੇ ਸ਼ੇਖੂਪੁਰ ਵਿਖੇ ਵੱਖ-ਵੱਖ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਕਰਨ ਸਬੰਧੀ ਚਲਾਨ ਕੱਟੇ ਗਏ ਤੇ ਉਨ੍ਹਾਂ ਨੂੰ ਚਲਾਨ ਦੇ ਭੁਗਤਾਨ ਲਈ 25 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਸਨ, ਉਨ੍ਹਾਂ ਦੇ ਚਲਾਨ ਦੀਆਂ ਸਲਿੱਪਾਂ ਉਨ੍ਹਾਂ ਦੇ ਦੁਕਾਨ ਦੇ ਬਾਹਰ ਲਾ ਦਿੱਤੀਆਂ ਗਈਆਂ ਹਨ।