ਕੁੱਲ ਹਿੰਦ ਕਿਸਾਨ ਸਭਾ ਨੇ ਦਿੱਤਾ ਧਰਨਾ

05/29/2017 12:21:14 PM

ਹਰੀਕੇ ਪੱਤਣ, (ਲਵਲੀ) - ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਨਿਰਪਾਲ ਸਿੰਘ ਅਤੇ ਕਾਮਰੇਡ ਬਲਵੰਤ ਸਿੰਘ ਜੋਣਕੇ ਦੀ ਅਗਵਾਈ 'ਚ ਯੂਨੀਅਨ ਮੈਂਬਰਾਂ ਵੱਲੋਂਂ ਅੱਜ ਮਜ਼ਦੂਰਾਂ ਦੇ ਹੱਕ 'ਚ ਹਰੀਕੇ ਰੋਡ 'ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਇਨਸਾਫ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ।
ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਨਿਰਪਾਲ ਸਿੰਘ ਜੋਣਕੇ ਤੇ ਬਲਵੰਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੱਝ ਸਿਆਸੀ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਗਏ ਹਨ ਤੇ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਮਜ਼ਦੂਰ ਗਰੀਬਾਂ ਦੇ ਕੱਚੇ ਕੋਠੇ ਜੇ. ਸੀ. ਬੀ. ਮਸ਼ੀਨ ਨਾਲ ਢਾਏ ਜਾ ਰਹੇ ਹਨ ਜੋ ਕਿ ਸ਼ਰੇਆਮ ਮਜ਼ਦੂਰਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਉਹ ਸਾਰੇ ਵਾਅਦੇ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਹੱਕ ਦਿਵਾਉਣ ਲਈ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ। ਜਿੰਨਾ ਚਿਰ ਤੱਕ ਮਜ਼ਦੂਰਾਂ ਨੂੰ ਪਲਾਟ ਨਹੀਂ ਮਿਲਦੇ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਬੀਬੀ ਅਮਰ ਕੌਰ, ਮਨਜਿੰਦਰ ਕੌਰ, ਬਲਵੀਰ ਕੌਰ, ਅਮਰ ਕੌਰ, ਸੁਖਵੰਤ ਕੌਰ, ਸਵਿੰਦਰ ਕੌਰ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।