ਏ. ਟੀ. ਐੱਮਜ਼. ਕਾਰਡ ਬਦਲ ਕੇ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

04/27/2017 5:12:31 PM

ਸੰਗਰੂਰ (ਬੇਦੀ, ਹਰਜਿੰਦਰ, ਬਾਵਾ, ਰੂਪਕ, ਵਿਵੇਕ ਸਿੰਧਵਾਨੀ, ਯਾਦਵਿੰਦਰ)-ਪੁਲਸ ਵਲੋਂ ਵੱਖ-ਵੱਖ ਸੂਬਿਆਂ ਵਿਚ ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਮੁੱਖ ਦੋਸ਼ੀ ਨੂੰ 57 ਏ. ਟੀ. ਐੱਮਜ਼ ਕਾਰਡਾਂ ਸਮੇਤ ਕਾਬੂ ਕੀਤਾ, ਜਦੋਂ ਕਿ ਉਸ ਦਾ ਇਕ ਸਾਥੀ ਫਰਾਰ ਹੈ।  ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਮੂਨਕ ਦੀ ਪੁਲਸ ਨੇ ਪੰਜਾਬ ਦੇ ਨਾਲ ਲੱਗਦੇ ਸਟੇਟ ਹਰਿਆਣਾ ਤੇ ਰਾਜਸਥਾਨ ਵਿਚ ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਧੋਖਾ ਕਰਨ ਵਾਲਿਆਂ ਨੂੰ ਮੁਖਬਰੀ ਦੇ ਆਧਾਰ ''ਤੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਸਣੇ ਪੁਲਸ ਪਾਰਟੀ ਬਾਹੱਦ ਪਿੰਡ ਗਨੋਟਾ ਥਾਣਾ ਮੂਨਕ ਵਿਖੇ ਨਾਕੇਬੰਦੀ ਕਰ ਕੇ ਵਿਜੇ ਪੁੱਤਰ ਜਗਦੀਸ਼ ਵਾਸੀ ਆਸ਼ਰਮ ਕਾਲੋਨੀ ਵਾਰਡ ਨੰ. 12 ਬਰਵਾਲਾ ਹਾਲ ਅਜੀਤ ਨਗਰ ਹਿਸਾਰ ਨੂੰ ਕਾਰ ਸਮੇਤ  ਕਾਬੂ ਕੀਤਾ, ਜਦਕਿ ਉਸ ਦਾ ਸਾਥੀ ਸੰਜੈ ਪੁੱਤਰ ਰੋਸ਼ਨ ਵਾਸੀ ਬਰਵਾਲਾ ਭੱਜਣ ''ਚ ਕਾਮਯਾਬ ਹੋ ਗਿਆ। ਉਕਤ ਦੋਸ਼ੀਆਂ ਖਿਲਾਫ਼ ਥਾਣਾ ਮੂਨਕ ਵਿਖੇ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ। 
ਵੱਖ-ਵੱਖ ਸੂਬਿਆਂ ''ਚ ਹਨ 30 ਮਾਮਲੇ ਦਰਜ :
ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਬੈਂਕ ''ਚ ਲੱਗੇ ਏ. ਟੀ. ਐੱਮ. ''ਤੇ ਜਾ ਕੇ ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਜਾਂ ਧੱਕੇ ਨਾਲ ਖੋਹ ਕੇ ਪੈਸੇ ਕਢਵਾਉਂਦੇ ਸਨ। ਦੋਸ਼ੀਆਨ ਖਿਲਾਫ਼ ਹਰਿਆਣਾ ਵਿਖੇ 17 ਤੇ ਰਾਜਸਥਾਨ ਵਿਚ 11 ਮੁਕੱਦਮੇ ਅਤੇ ਪਟਿਆਲਾ ਤੇ ਸੰਗਰੂਰ ਵਿਖੇ 2 ਮੁਕੱਦਮੇ ਤੇ ਕੁਲ 30 ਮੁਕੱਦਮੇ ਦਰਜ ਹਨ।