ਡੀ. ਸੀ. ਵੱਲੋਂ ''ਮਗਨਰੇਗਾ'' ਤਹਿਤ ਚਲ ਰਹੇ ਕੰਮਾਂ ਦਾ ਲਿਆ ਗਿਆ ਜਾਇਜ਼ਾ

07/11/2017 12:44:28 PM

ਫਗਵਾੜਾ(ਚਾਨਾ, ਜਲੋਟਾ)— ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਬਲਾਕ ਫਗਵਾੜਾ ਵਿਚ ਮਗਨਰੇਗਾ ਤਹਿਤ ਚਲ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ 'ਮਗਨਰੇਗਾ' ਤਹਿਤ ਸੜਕਾਂ 'ਤੇ ਚਲ ਰਹੇ ਕੰਮਾਂ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਜਿੱਥੇ-ਜਿੱਥੇ ਵੀ ਮਗਨਰੇਗਾ ਦੇ ਕੰਮ ਚਲ ਰਹੇ ਹਨ, ਉਥੇ ਝੰਡੀਆਂ ਜ਼ਰੂਰ ਲਗਾਈਆਂ ਜਾਣ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ 'ਮਗਨਰੇਗਾ' ਵਰਕਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਤੋਂ ਕੰਮ ਦੌਰਾਨ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ 'ਮਗਨਰੇਗਾ' ਅਧੀਨ ਚਲ ਰਹੇ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ 'ਮਗਨਰੇਗਾ' ਅਧੀਨ ਕੰਮ ਕਰਵਾ ਕੇ ਵੱਧ ਤੋਂ ਵੱਧ ਵੰਡ ਖਰਚ ਕਰਨ, ਵਰਕਰਾਂ ਨੂੰ ਦਿਹਾੜੀਆਂ ਦਾ ਸਮੇਂ ਸਿਰ ਭੁਗਤਾਨ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਵਾਰ ਦਿੱਤੇ ਟੀਚੇ ਅਨੁਸਾਰ ਸੋਕੇਜ਼-ਪਿੱਟ ਅਤੇ ਫਾਰਮ ਪੌਂਡ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਵੱਧ ਤੋਂ ਵੱਧ ਕੰਮ ਕਰਵਾਉਣ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸ਼ੁੱਧ ਵਾਤਾਵਰਨ ਲਈ ਮਾਨਸੂਨ ਦੇ ਇਸ ਸੀਜ਼ਨ ਵਿਚ ਪੌਦੇ ਲਗਾਉਣ ਦੀ ਮੁਹਿੰਮ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਫਗਵਾੜਾ ਜੋਤੀ ਬਾਲਾ, ਬੀ. ਡੀ. ਪੀ. ਓ. ਨੀਰਜ ਕੁਮਾਰ ਵੀ ਸ਼ਾਮਲ ਸਨ।