ਚੌਕੀ ਪਾਂਸ਼ਟਾ ਦਾ ਏ. ਐੱਸ. ਆਈ. 10 ਹਜ਼ਾਰ ਰਿਸ਼ਵਤ ਲੈਂਦਾ ਗ੍ਰਿਫਤਾਰ

10/08/2017 5:28:26 AM

ਫਗਵਾੜਾ, (ਜਲੋਟਾ)— ਪੁਲਸ ਚੌਕੀ ਪਾਂਸ਼ਟਾ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਅਰਜੁਨ ਸਿੰਘ ਤੇ ਮੁੱਖ ਮੁਨਸ਼ੀ ਸ਼ਿੰਗਾਰਾ ਸਿੰਘ ਨੂੰ ਡੀ. ਐੱਸ. ਪੀ. ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਵਿਚ ਪੂਰੇ ਲਾਮ ਲਸ਼ਕਰ ਸਣੇ ਪੁਲਸ ਚੌਕੀ ਪਾਂਸ਼ਟਾ ਪਹੁੰਚੀ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਕਥਿਤ ਤੌਰ 'ਤੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਅਨੁਸਾਰ ਦੋਸ਼ੀ ਏ. ਐੱਸ. ਆਈ. ਪਤੀ-ਪਤਨੀ ਦੇ ਇਕ ਝਗੜੇ ਦੇ ਮਾਮਲੇ ਵਿਚ ਜਾਂਚ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਮਾਮਲੇ ਵਿਚ ਪਤੀ ਤੋਂ ਰਿਸ਼ਵਤ ਦੀ ਮੰਗ ਰੱਖੀ ਗਈ ਸੀ। ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਪੁਲਸ ਚੌਕੀ ਪਾਂਸ਼ਟਾ ਦੇ ਇੰਚਾਰਜ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸਦੀ ਜਾਂਚ ਵਿਜੀਲੈਂਸ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ।