Love Marriage ਕਰਾਉਣ 'ਤੇ ਭੈਣ ਨੂੰ ਮਾਰਨ ਲਈ Youtube ਦੇਖ ਬਣਾਇਆ ਸੀ ਜ਼ਹਿਰੀਲਾ ਟੀਕਾ, ਖੁੱਲ੍ਹੇ ਵੱਡੇ ਰਾਜ਼

11/23/2023 1:28:55 PM

ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ਦੇ ਗਾਇਨੀ ਵਾਰਡ 'ਚ ਦਾਖ਼ਲ ਔਰਤ ਨੂੰ ਟੀਕਾ ਲਾਉਣ ਲਈ ਮੁਲਜ਼ਮ ਮਨਦੀਪ ਸਿੰਘ ਨੇ ਯੂ-ਟਿਊਬ ’ਤੇ ਦੇਖ ਕੇ ਜ਼ਹਿਰੀਲਾ ਟੀਕਾ ਤਿਆਰ ਕੀਤਾ ਸੀ। ਮੁਲਜ਼ਮ ਨੇ ਯੂ-ਟਿਊਬ ਦੇਖ ਕੇ 5-5 ਐੱਮ. ਐੱਲ. ਦੇ ਦੋ ਟੀਕੇ ਤਿਆਰ ਕੀਤੇ ਸਨ। ਟੀਕੇ ਵਿਚ ਨੀਂਦ ਦੀਆਂ ਪੰਜ ਗੋਲੀਆਂ, ਕਾਕਰੋਚ ਕਿਲਰ ਅਤੇ ਸੈਨੀਟਾਈਜ਼ਰ ਮਿਲਾਇਆ ਗਿਆ ਸੀ। ਇਸ ਤੋਂ ਬਾਅਦ ਦੋ ਟੀਕੇ ਤਿਆਰ ਕਰ ਕੇ ਹਸਪਤਾਲ 'ਚ ਦਾਖ਼ਲ ਹਰਮੀਤ ਕੌਰ ਨੂੰ ਲਾਉਣ ਲਈ ਦਿੱਤੇ ਸਨ। ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। ਸੈਕਟਰ-11 ਥਾਣਾ ਪੁਲਸ ਨੇ ਮੁਲਜ਼ਮ ਜਸਮੀਤ ਸਿੰਘ, ਬੂਟਾ ਸਿੰਘ (ਮਾਮੇ ਦਾ ਜਵਾਈ) ਤੇ ਮਨਦੀਪ ਸਿੰਘ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਤੋਂ ਆਹਮੋ-ਸਾਹਮਣੇ ਪੁੱਛ-ਪੜਤਾਲ ਕੀਤੀ ਅਤੇ ਕਤਲ ਲਈ ਦਿੱਤੇ ਪੈਸੇ ਦੀ ਵਸੂਲੀ ਲਈ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਉੱਥੇ ਹੀ ਹਰਮੀਤ ਕੌਰ ਦੇ ਪੁੱਤਰ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਨੂੰ ਰਾਜਪੁਰਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੀ. ਜੀ. ਆਈ. ਵਿਚ ਦਾਖ਼ਲ ਹਰਮੀਤ ਕੌਰ ਨੇ ਪਿੰਡ ਦੇ ਹੀ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਅੰਤਰਜਾਤੀ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ : ਲਾਲਚੀ ਪਤੀ ਤੇ ਸਹੁਰਿਆਂ ਦੇ ਵੱਸ ਪੈ ਗਈ ਲਾਡਾਂ ਨਾਲ ਪਾਲੀ ਧੀ, ਦੁਖੀ ਪਿਓ ਨੇ ਪੀ ਲਈ ਜ਼ਹਿਰ

ਇਸ ਕਾਰਨ ਰਾਜਪੁਰਾ ਦੇ ਪਿੰਡ ਪੀਹੜ ਖੁਰਦ ਦੇ ਰਹਿਣ ਵਾਲੇ ਹਰਮੀਤ ਦੇ ਭਰਾ ਜਸਮੀਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕਾਫ਼ੀ ਬੇਇੱਜ਼ਤੀ ਹੋ ਗਈ ਸੀ। ਕੁੱਝ ਦਿਨ ਪਹਿਲਾਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਕਿਡਨੀ ਦੀ ਸਮੱਸਿਆ ਕਾਰਨ ਉਸ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ ਗਿਆ ਹੈ। ਜਸਮੀਤ ਨੇ ਬੂਟਾ ਸਿੰਘ ਨਾਲ ਮਿਲ ਕੇ ਆਪਣੀ ਭੈਣ ਦੇ ਕਤਲ ਦੀ ਸਾਜਿਸ਼ ਰਚੀ। ਉਸ ਨੇ ਬੂਟਾ ਸਿੰਘ ਨਾਲ 10 ਲੱਖ ਰੁਪਏ ਵਿਚ ਸੌਦਾ ਕੀਤਾ ਸੀ। ਬੂਟਾ ਸਿੰਘ ਨੇ ਨਿੱਜੀ ਹਸਪਤਾਲ ਵਿਚ ਆਯੂਸ਼ਮਾਨ ਕਾਰਡ ਬਣਾਉਣ ਵਾਲੇ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹ ਮੰਨ ਗਿਆ। ਜਸਮੀਤ ਸਿੰਘ ਨੇ ਬੂਟਾ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ। ਬੂਟਾ ਸਿੰਘ ਨੇ ਮਨਦੀਪ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ। ਮਨਦੀਪ ਸਿੰਘ ਨੇ ਇਲਾਜ ਦੌਰਾਨ ਹਰਮੀਤ ਕੌਰ ਨੂੰ ਮਾਰਨ ਲਈ ਜ਼ਹਿਰੀਲਾ ਟੀਕਾ ਲਾਉਣ ਦੀ ਯੋਜਨਾ ਬਣਾਈ। ਟੀਕਾ ਲਾਉਣ ਲਈ ਕੇਅਰ ਟੇਕਰ ਦੀ ਭਾਲ ਕੀਤੀ। ਟੀਕਾ ਲਵਾਉਣ ਲਈ ਮਨਦੀਪ ਨੇ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਮਨਦੀਪ ਸਿੰਘ ਨੇ ਉਸ ਨੂੰ ਪੀ. ਜੀ. ਆਈ. ਵਿਚ ਦਾਖ਼ਲ ਹਰਮੀਤ ਨੂੰ ਟੀਕਾ ਲਾਉਣ ਅਤੇ ਇਕ ਰਾਤ ਦੀ ਦੇਖਭਾਲ ਲਈ ਤਿੰਨ ਹਜ਼ਾਰ ਰੁਪਏ ਦਿੱਤੇ ਸਨ।

ਇਹ ਵੀ ਪੜ੍ਹੋ : ਲੁਧਿਆਣਵੀਆਂ ਨੂੰ ਵੱਡੀ ਰਾਹਤ ਲਈ 5 ਦਸੰਬਰ ਤੱਕ ਕਰਨੀ ਪਵੇਗੀ ਉਡੀਕ, ਪੜ੍ਹੋ ਕੀ ਹੈ ਪੂਰੀ ਖ਼ਬਰ
ਮਨਦੀਪ ਲੈ ਕੇ ਆਇਆ ਸੀ ਜਸਪ੍ਰੀਤ ਨੂੰ ਪੀ. ਜੀ. ਆਈ.
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਮੀਤ ਕੌਰ ਨੂੰ ਜ਼ਹਿਰੀਲਾ ਟੀਕਾ ਲਵਾਉਣ ਲਈ ਜਸਪ੍ਰੀਤ ਕੌਰ ਨੂੰ ਮਨਦੀਪ ਖ਼ੁਦ ਪੀ. ਜੀ. ਆਈ. ਵਿਚ ਲੈ ਕੇ ਆਇਆ ਸੀ। ਰਾਜਪੁਰਾ ਨੇੜੇ ਜਸਮੀਤ ਸਿੰਘ ਨੇ ਮਨਦੀਪ ਅਤੇ ਜਸਪ੍ਰੀਤ ਕੌਰ ਨੂੰ ਖਾਣ-ਪੀਣ ਦਾ ਸਮਾਨ ਦਿੱਤਾ ਸੀ। ਪੀ. ਜੀ. ਆਈ. ਹਸਪਤਾਲ ਪਹੁੰਚ ਕੇ ਮਨਦੀਪ ਜਸਪ੍ਰੀਤ ਕੌਰ ਨੂੰ ਗਾਇਨੀ ਵਾਰਡ ਵਿਚ ਲੈ ਗਿਆ ਅਤੇ ਹਰਮੀਤ ਕੌਰ ਨੂੰ ਟੀਕਾ ਲਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਮਨਦੀਪ ਸਿੰਘ ਅਤੇ ਜਸਪ੍ਰੀਤ ਕੌਰ ਪੀ. ਜੀ. ਆਈ. ਵਿਖੇ ਖਾਣਾ ਖਾ ਕੇ ਵਾਪਸ ਮਨਦੀਪ ਕੋਲ ਆ ਗਏ ਸਨ।
ਫੋਟੋ ਨਾ ਲੈਂਦੀ ਤਾਂ ਨਹੀਂ ਫੜ੍ਹੇ ਜਾਣੇ ਸੀ ਮੁਲਜ਼ਮ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੀ. ਜੀ. ਆਈ. ਗਾਇਨੀ ਵਾਰਡ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਵਿਚ ਟੀਕਾ ਲਾਉਣ ਵਾਲੀ ਔਰਤ ਕੈਦ ਹੀ ਨਹੀਂ ਹੋਈ। ਪੁਲਸ ਨੇ ਕਿਹਾ ਕਿ ਜੇਕਰ ਹਰਮੀਤ ਕੌਰ ਕੋਲ ਬੈਠੀ ਔਰਤ ਮੋਬਾਇਲ ਫ਼ੋਨ ਵਿਚ ਟੀਕਾ ਲਾਉਣ ਵਾਲੀ ਔਰਤ ਨੂੰ ਕੈਦ ਨਾ ਕਰਦੀ ਤਾਂ ਪੁਲਸ ਲਈ ਚੁਣੌਤੀ ਹੋਰ ਵੱਧ ਜਾਂਦੀ। ਹਰਮੀਤ ਨੂੰ 3 ਨਵੰਬਰ ਨੂੰ ਬਨੂੜ ਦੇ ਇਕ ਪ੍ਰਾਈਵੇਟ ਕਲੀਨਿਕ ਵਿਚ ਦਾਖ਼ਲ ਕਰਵਾਇਆ ਗਿਆ ਸੀ। 4 ਨਵੰਬਰ ਨੂੰ ਡਲਿਵਰੀ ਤੋਂ ਬਾਅਦ ਕਿਡਨੀ ਦੀ ਸਮੱਸਿਆ ਹੋ ਗਈ। ਇਸ ਕਾਰਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। 6 ਨਵੰਬਰ ਨੂੰ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਤਾਂ ਉਸ ਨੂੰ 13 ਨਵੰਬਰ ਨੂੰ ਗਾਇਨੀ ਵਾਰਡ ਵਿਚ ਭੇਜ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita