ਪੁੱਤਾਂ ਤੋਂ ਦੁਖੀ ਹੋ ਕੇ ਇਨਸਾਫ ਲਈ ਠੋਕਰਾਂ ਖਾਣ ਲਈ ਮਜਬੂਰ ਹੋਈ ਬਜ਼ੁਰਗ ਮਾਂ...

10/16/2017 2:12:40 PM

ਕੌਹਰੀਆਂ (ਸ਼ਰਮਾ)-ਸਤਯੁਗ ਦੇ ਸਮੇਂ ਸ਼੍ਰੀ ਰਾਮ ਚੰਦਰ ਅਤੇ ਸਰਵਣ ਕੁਮਾਰ ਵਰਗੇ ਪੁੱਤਰ ਹੁੰਦੇ ਸਨ, ਜੋ ਆਪਣੇ ਮਾਤਾ-ਪਿਤਾ ਦੇ ਹੁਕਮ ਨੂੰ ਭਗਵਾਨ ਦਾ ਹੁਕਮ ਸਮਝ ਕੇ 14 ਸਾਲ ਲਈ ਬਨਵਾਸ ਚਲੇ ਗਏ ਪਰ ਅੱਜ ਜਦੋਂ ਬਜ਼ੁਰਗਾਂ ਨੂੰ ਬੱਚਿਆਂ ਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਜ਼ਿਆਦਾਤਰ ਔਲਾਦਾਂ ਆਪਣੇ ਮਾਪਿਆਂ ਤੋਂ ਉਨ੍ਹਾਂ ਦੀ ਜਾਇਦਾਦ ਆਪਣੇ ਨਾਂ ਲਿਖਵਾ ਦੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਇਕੱਲੇ ਛੱਡ ਦਿੰਦੇ ਹਨ।
ਅਜਿਹੀ ਹੀ ਇਕ ਕਹਾਣੀ ਹੈ ਪਿੰਡ ਜਨਾਲ ਦੀ ਮਾਤਾ ਜਸਵੰਤ ਕੌਰ ਦੀ। ਮਾਤਾ ਜਸਵੰਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਘਰ ਵਾਲੇ ਦੀ ਮੌਤ ਨੂੰ 10-12 ਸਾਲ ਹੋ ਗਏ ਹਨ। ਮੇਰੇ 2 ਲੜਕੇ ਹਨ ਅਤੇ ਮੇਰੇ ਕੋਲ 5 ਕਨਾਲ ਜ਼ਮੀਨ ਸੀ, ਜਿਸ ਨੂੰ ਮੇਰੇ ਲੜਕਿਆਂ ਨੇ ਇਹ ਕਹਿ ਕੇ ਆਪਣੇ ਨਾਂ ਕਰਵਾ ਲਿਆ ਕਿ ਅਸੀਂ ਦੋਵੇਂ ਡੇਢ-ਡੇਢ ਲੱਖ ਰੁਪਏ ਅਤੇ ਰੋਟੀ, ਕੱਪੜਾ, ਦਵਾਈ ਅਤੇ ਸਾਂਭ-ਸੰਭਾਲ ਵੀ ਕਰਾਂਗੇ ਕਿਉਂਕਿ ਮੈਂ ਅਧਰੰਗ ਦੀ ਮਰੀਜ਼ ਹਾਂ ਪਰ ਦੋਵਾਂ ਵਿਚੋਂ ਕਿਸੇ ਨੇ ਵੀ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੈਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ ਹਾਂ। ਮੈਨੂੰ ਅੱਖਾਂ ਵਿਚ ਲੈਂਜ਼ ਪਵਾਉਣ ਅਤੇ ਦਵਾਈ ਲੈਣ ਲਈ ਪੈਸਿਆਂ ਦੀ ਲੋੜ ਸੀ ਪਰ ਮੇਰੇ ਦੋਵਾਂ ਪੁੱਤਰਾਂ ਨੇ ਮੈਨੂੰ ਇਕ ਵੀ ਪੈਸਾ ਨਹੀਂ ਦਿੱਤਾ। ਅਖੀਰ ਮੈਂ ਦੁਖੀ ਹੋ ਕੇ ਆਪਣੀ ਜ਼ਮੀਨ ਵਾਪਸ ਲੈਣ ਲਈ ਡੀ. ਸੀ. ਸਾਹਿਬ ਸੰਗਰੂਰ ਨੂੰ ਲਿਖਤੀ ਦਰਖਾਸਤ ਦਿੱਤੀ, ਜਿਨ੍ਹਾਂ ਨੇ ਦਰਖਾਸਤ ਐੱਸ. ਡੀ. ਐੱਮ. ਦਿੜ੍ਹਬਾ ਨੂੰ ਮਾਰਕ ਕਰ ਦਿੱਤੀ, ਜਿਥੇ ਲਗਾਤਾਰ ਇਕ ਸਾਲ ਤੋਂ ਮੈਨੂੰ ਪੇਸ਼ੀਆਂ ਹੀ ਮਿਲੀਆਂ ਹਨ, ਇਨਸਾਫ ਨਹੀਂ। 
ਆਪਣੀ ਹੀ ਔਲਾਦ ਹੱਥੋਂ ਦੁਖੀ ਮਾਤਾ ਜਸਵੰਤ ਕੌਰ ਇਕੱਲੀ ਨਹੀਂ। ਅਜਿਹੇ ਹਜ਼ਾਰਾਂ ਹੀ ਕੇਸ ਮਿਲ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਬਜ਼ੁਰਗਾਂ ਵੱਲੋਂ ਦਿੱਤੀ ਦਰਖਾਸਤ ਨੂੰ ਦੀਵਾਨੀ ਮੁਕੱਦਮਾ ਨਾ ਸਮਝ ਕੇ ਅਜਿਹੇ ਕੇਸਾਂ ਦਾ ਨਿਪਟਾਰਾ ਜਲਦੀ ਕਰੇ ਤਾਂ ਜੋ ਬਜ਼ੁਰਗ ਆਪਣਾ ਇਲਾਜ ਸਹੀ ਸਮੇਂ 'ਤੇ ਕਰਵਾ ਸਕਣ ਅਤੇ ਆਪਣਾ ਪੇਟ ਭਰ ਸਕਣ।
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਦਿੜ੍ਹਬਾ ਅਮਰੇਸ਼ਵਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।