ਸ਼ੱਕੀ ਹਾਲਤ ''ਚ ਇਕ ਕਾਬੂ, ਇਕ ਫਰਾਰ

03/05/2018 6:43:43 AM

ਅੰਮ੍ਰਿਤਸਰ,  (ਅਰੁਣ)-   ਰਣਜੀਤ ਐਵੀਨਿਊ ਚੌਕੀ ਦੀ ਪੁਲਸ ਨੇ ਸ਼ੱਕੀ ਹਾਲਤ 'ਚ ਆ ਰਹੇ 2 ਮੋਟਰਸਾਈਕਲ ਸਵਾਰਾਂ ਨੂੰ ਨਾਕੇ ਦੌਰਾਨ ਰੋਕਿਆ ਤਾਂ ਮੋਟਰਸਾਈਕਲ ਪਿੱਛੇ ਬੈਠਾ ਇਕ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਦੂਜੇ ਨੂੰ ਪੁਲਸ ਨੇ ਕਾਬੂ ਕਰ ਲਿਆ। ਜਾਂਚ ਦੌਰਾਨ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਅਤੇ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ 'ਚੋਂ ਇਕ 32 ਬੋਰ ਦਾ ਪਿਸਤੌਲ ਤੇ 3 ਕਾਰਤੂਸ ਪੁਲਸ ਨੇ ਬਰਾਮਦ ਕੀਤੇ।  ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੰਦੂ ਖੇੜਾ ਵਜੋਂ ਹੋਈ, ਜਦਕਿ ਮੌਕੇ ਤੋਂ ਭੱਜੇ ਉਸ ਦੇ ਸਾਥੀ ਬਲਜਿੰਦਰ ਸਿੰਘ ਬਾਬਾ ਪੁੱਤਰ ਕਸ਼ਮੀਰ ਸਿੰਘ ਵਾਸੀ ਅਮਰ ਐਵੀਨਿਊ ਵੱਲਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਲਖਵਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਪੁਲਸ ਪਾਰਟੀ ਵੱਲੋਂ ਚੋਰੀਸ਼ੁਦਾ 3 ਹੋਰ ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।  ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਥਾਣਾ ਖਿਲਚੀਆਂ 'ਚ ਦਰਜ ਕਤਲ ਦੇ ਇਕ ਮਾਮਲੇ 'ਚ ਕੇਂਦਰੀ ਜੇਲ ਫਤਾਹਪੁਰ ਤੋਂ ਪੈਰੋਲ 'ਤੇ ਛੁੱਟੀ ਆਇਆ ਸੀ, ਜੋ ਬਾਅਦ 'ਚ ਭਗੌੜਾ ਹੋ ਗਿਆ। ਲਖਵਿੰਦਰ ਸਿੰਘ ਦੇ ਬਲਜਿੰਦਰ ਸਿੰਘ ਨਾਲ ਜੇਲ 'ਚ ਹੀ ਸਬੰਧ ਬਣੇ ਸਨ। ਬਲਜਿੰਦਰ ਸਿੰਘ ਐੱਨ. ਡੀ. ਪੀ. ਐੱਸ. ਐਕਟ ਦੇ ਕਿਸੇ ਮਾਮਲੇ ਸਬੰਧੀ ਜੇਲ ਗਿਆ ਸੀ ਤੇ ਇਹ ਨਸ਼ਾ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਇਸ ਦੌਰਾਨ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।