ਬੁਢਲਾਡਾ : ਸ਼ਹਿਰ ਦੀ ਸੰਘਣੀ ਅਬਾਦੀ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

05/24/2018 2:58:28 PM

ਬੁਢਲਾਡਾ (ਮਨਜੀਤ, ਗਰਗ, ਬਾਂਸਲ) — ਅੱਜ ਸਥਾਨਕ ਸ਼ਹਿਰ ਦੇ ਅਨਾਜ ਮੰਡੀ ਗੋਲ ਚੱਕਰ ਦੇ ਨਜ਼ਦੀਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਦੀਪਕ ਕਲਾਥ ਹਾਊਸ ਦੇ ਮਾਲਕ ਤਰਸੇਮ ਚੰਦ ਸਿੰਗਲਾ ਨੇ ਦੱਸਿਆ ਕਿ ਅੱਜ ਦੁਪਹਿਰ 12:30 ਵਜੇ ਜਦ ਉਹ ਦੁਕਾਨ 'ਚ ਬੈਠੇ ਸਨ ਤਾਂ ਅਚਾਨਕ ਹੀ ਦੁਕਾਨ ਦੇ ਪਿਛਲੇ ਪਾਸਿਓਂ ਧੂੰਆਂ ਉਠਣਾ ਸ਼ੁਰੂ ਹੋਇਆ ਤੇ ਅੱਗ ਨੇ ਕੁਝ ਹੀ ਮਿੰਟਾਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਤੁਰੰਤ ਹੀ ਗੁਆਂਢੀਆਂ ਅਤੇ ਪਿੰਡ 'ਚੋਂ ਆਏ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਬੁਝਣ ਤੱਕ ਭਾਰੀ ਨੁਕਸਾਨ ਹੋ ਚੁੱਕਾ ਸੀ । ਦੁਕਾਨ ਦੇ ਮਾਲਕ ਦੇ ਮੁਤਾਬਕ ਲੱਖਾਂ ਰੁਪਏ ਦੇ ਕੱਪੜੇ ਦਾ ਨੁਕਸਾਨ ਹੋਣ ਦਾ ਖਦਸ਼ਾ ਜਾਹਿਰ ਕੀਤਾ ਗਿਆ । ਇਸ ਮੌਕੇ ਭਾਰੀ ਫੋਰਸ ਲੈ ਕੇ ਪਹੁੰਚੇ ਥਾਣਾ ਸਿਟੀ ਦੇ ਮੁੱਖੀ ਬਲਵਿੰਦਰ ਸਿੰਘ ਰੋਮਾਣਾ, ਹੋਲਦਾਰ ਦਲਜੀਤ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ । ਇਸ ਮੰਦਭਾਗੀ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਨਾ ਹੋਣ ਕਾਰਨ ਸਰਕਾਰ ਪ੍ਰਤੀ ਰੋਸ ਜਾਹਿਰ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ 'ਚ ਰਾਜ ਕੁਮਾਰ ਬੋੜਾਵਾਲੀਆ, ਸ਼ਾਮ ਲਾਲ ਧਲੇਵਾਂ, ਕੌਂਸਲਰ ਪ੍ਰੇਮ ਕੁਮਾਰ, ਵਪਾਰੀ ਆਗੂ ਗੁਰਿੰਦਰ ਮੋਹਨ ਨੇ ਤੁਰੰਤ ਸਰਕਾਰ ਤੋਂ ਫਾਇਰ ਬ੍ਰਿਗੇਡ ਬੱਸ ਦੀ ਮੰਗ ਕੀਤੀ ਤਾਂ ਕਿ ਸਮੇਂ ਸਿਰ ਅੱਗ ਨੂੰ ਕਾਬੂ ਪਾਇਆ ਜਾ ਸਕੇ ।