ਮਾਮਲਾ ਅਖੰਡ ਪਾਠੀ ਅਤੇ ਗ੍ਰੰਥੀ ਦੀ ਝੜਪ ਦਾ, ਪੁਲਸ ਕਰੇਗੀ ਪੜਤਾਲ

01/28/2018 11:08:46 AM


ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਸੋਹਲ ਸਥਿਤ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸੈਣ ਭਗਤ ਵਿਖੇ ਡਿਊਟੀ ਕਰਦੇ ਇਕ 80 ਸਾਲਾਂ ਬਜ਼ੁਰਗ ਅਖੰਡ ਪਾਠੀ ਸਿੰਘ ਨੇ ਗ੍ਰੰਥੀ ਸਿੰਘ 'ਤੇ ਕੁੱਟਮਾਰ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਜ਼ਖਮੀ ਅਖੰਡ ਪਾਠੀ ਸਿੰਘ ਕਸੇਲ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੈ। ਮੌਕੇ 'ਤੇ ਪਹੁੰਚੀ ਥਾਣਾ ਝਬਾਲ ਦੀ ਪੁਲਸ ਨੇ ਇਸ ਮਾਮਲੇ 'ਚ ਜਾਂਚ ਕਰਨ ਦਾ ਦਾਅਵਾ ਕੀਤਾ ਹੈ। ਦੂਜੀ ਧਿਰ ਦੇ ਗ੍ਰੰਥੀ ਸਿੰਘ ਨੇ ਉਕਤ ਦੋਸ਼ਾਂ ਨੂੰ ਨਿਕਾਰਦਿਆਂ ਅਖੰਡ ਪਾਠੀ ਸਿੰਘ ਵੱਲੋਂ ਉਸਨੂੰ ਗਾਲੀ ਗਲੋਚ ਕਰਨ ਦੀ ਗੱਲ ਕਹੀ। ਜਾਣਕਾਰੀ ਦਿੰਦਿਆਂ ਬਜ਼ੁਰਗ ਗੱਜਣ ਸਿੰਘ ਪੁੱਤਰ ਖੇਮ ਸਿੰਘ ਨੇ ਆਪਣੀਆਂ ਲੜਕੀਆਂ ਸੁਖਵਿੰਦਰ ਕੌਰ, ਸਤਨਾਮ ਕੌਰ, ਕਸ਼ਮੀਰ ਕੌਰ ਅਤੇ ਦੋਹਤੇ ਗੁਰਸੇਵਕ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਆਪਣੇ ਜਵਾਈ ਬਲਵਿੰਦਰ ਸਿੰਘ ਦੀ ਮੌਤ ਹੋ ਜਾਣ ਕਰਕੇ ਪਿੱਛਲੇ ਕਰੀਬ 32 ਸਾਲ ਤੋਂ ਪਿੰਡ ਸੋਹਲ ਵਿਖੇ ਗੁਰਦੁਆਰਾ ਸਾਹਿਬ ਦੇ ਨੇੜੇ ਰਹਿੰਦੀ ਆਪਣੀ ਵਿਧਵਾ ਧੀ ਸੁਖਵਿੰਦਰ ਕੌਰ ਦੇ ਪਰਿਵਾਰ ਦੀ ਦੇਖ ਭਾਲ ਲਈ ਉਸ ਦੇ ਕੋਲ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਪਿੱਛਲੇ 30 ਸਾਲ ਤੋਂ ਗੁਰਦੁਆਰਾ ਸੈਣ ਭਗਤ ਜੀ ਵਿਖੇ ਬਤੌਰ ਸ੍ਰੀ ਅਖੰਡ ਪਾਠੀ ਸਿੰਘ ਵਜੋਂ ਉਹ ਸੇਵਾ ਨਿਭਾਂਉਦਾ ਆ ਰਿਹਾ ਹੈ, ਜਦ ਕਿ ਪਿੱਛਲੇ ਕਰੀਬ ਇਕ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਨਵਾਂ ਨਿਯੁਕਤ ਕੀਤਾ ਗ੍ਰੰਥੀ ਸਿੰਘ ਗੁਰਭੇਜ ਸਿੰਘ ਉਸ ਨਾਲ ਨਿੱਜੀ ਰੰਜਿਸ਼ ਰੱਖਦਾ ਆ ਰਿਹਾ ਹੈ। ਬਾਪੂ ਗੱਜਣ ਸਿੰਘ ਨੇ ਦੱਸਿਆ ਕਿ ਬੀਤੀ 26 ਜਨਵਰੀ ਨੂੰ ਜਦੋਂ ਉਹ ਸ੍ਰੀ ਅਖੰਡ ਪਾਠ ਸਾਹਿਬ ਦੀ ਆਪਣੀ ਡਿਊਟੀ ਪੂਰੀ ਕਰਕੇ ਗੁਰਦੁਆਰਾ ਸਾਹਿਬ ਦੇ ਦਰਬਾਰ ਚੋਂ ਬਾਹਰ ਆ ਰਿਹਾ ਸੀ ਤਾਂ ਗ੍ਰੰਥੀ ਗੁਰਭੇਜ ਸਿੰਘ ਨੇ ਡਾਂਗ ਨਾਲ ਉਸਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਬਚਾਓ-ਬਚਾਓ ਦਾ ਰੌਲਾ ਸੁਣ ਕੇ ਉਸਦੀ ਲੜਕੀ ਘਰੋਂ ਭੱਜੀ ਆਈ ਤੇ ਉਸਨੂੰ ਬਚਾਇਆ। ਬਜ਼ੁਰਗ ਦੀ ਲੜਕੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਗ੍ਰੰਥੀ ਸਿੰਘ ਗੁਰਭੇਜ ਸਿੰਘ ਨੇ ਉਸਦੀ ਪਿਤਾ ਦੀ ਕੁੱਟਮਾਰ ਕਰਨ ਸਮੇਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਦਿੱਤੇ ਸਨ ਤਾਂ ਕਿ ਘਟਨਾ ਦਾ ਸੱਚ ਸਾਹਮਣੇ ਨਾ ਆ ਸਕੇ। ਉਸਨੇ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਾ ਦਿੱਤੀ। ਸਰਕਾਰੀ ਹਸਪਤਾਲ ਕਸੇਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ਰਗ ਦੇ ਸੱਟਾਂ ਗਹਿਰੀਆਂ ਹੋਣ ਕਰਕੇ ਉਸਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਰੈਫਰ ਕੀਤਾ ਜਾ ਰਿਹਾ ਹੈ। 

ਦੋਸ਼ ਬੇ-ਬੁਨਿਆਦ ਗੱਜਣ ਸਿੰਘ ਨੇ ਕੀਤਾ ਗਾਲੀ ਗਲੋਚ
ਗ੍ਰੰਥੀ ਸਿੰਘ ਗੁਰਭੇਜ ਸਿੰਘ ਨੇ ਬਜ਼ਰਗ ਦੇ ਦੋਸ਼ਾਂ ਨੂੰ ਨਿਕਾਰਦਿਆਂ ਕਿਹਾ ਕਿ ਬਾਪੂ ਗੱਜਣ ਸਿੰਘ ਵਿਰੋਧ ਪਿੰਡ ਦੇ ਕਈ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਜਿਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਜੀ ਦਾ ਗ੍ਰੰਥੀ ਹੋਣ ਦੇ ਨਾਤੇ ਉਸ ਵੱਲੋਂ ਅਖੰਡ ਪਾਠੀ ਗੱਜਣ ਸਿੰਘ ਦੀ ਸਿੱਖ ਰਹਿਤ ਮਰਿਯਾਦਾ 'ਤੇ ਖਰ੍ਹਾ ਨਾ ਉਤਰਦਿਆਂ ਹੋਣ ਕਰਕੇ ਗੁਰਦੁਆਰਾ ਸਾਹਿਬ ਚੋਂ ਡਿਊਟੀ ਕੱਟੀ ਸੀ। ਉਸ ਨੇ ਦੱਸਿਆ ਕਿ ਡਿਊਟੀ ਕੱਟੀ ਹੋਣ ਦੇ ਬਾਵਜ਼ੂਦ ਗੱਜਣ ਸਿੰਘ ਵੱਲੋਂ ਜਬਰਦਸ਼ਤੀ ਸ੍ਰੀ ਅਖੰਡ ਪਾਠ ਦੀ ਡਿਊਟੀ ਲਾਈ ਅਤੇ ਡਿਊਟੀ ਖਤਮ ਕਰਨ ਤੋਂ ਬਾਅਦ ਉਸ 'ਤੇ ਰੋਹਬ ਚਾੜਦਿਆਂ ਗੱਜਣ ਸਿੰਘ ਨੇ ਕਿਹਾ ਕਿ ਉਸਨੇ ਡਿਊਟੀ ਲਾਈ ਹੈ, ਤੂੰ ਦੱਸ ਕੀ ਕਰ ਲਿਆ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੋਹਾਂ ਵਿਚਾਲੇ ਝੜਪ ਹੋ ਗਈ। 

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਕਰੇਗੀ ਮਾਮਲੇ ਦੀ ਪੜਤਾਲ : ਭਾਈ ਤਰਲੋਚਨ ਸਿੰਘ ਸੋਹਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਨੇ ਗੁਰਦੁਆਰਾ ਭਗਤ ਸੈਣ ਜੀ ਵਿਖੇ ਗ੍ਰੰਥੀ ਸਿੰਘ 'ਤੇ ਅਖੰਡ ਪਾਠੀ ਸਿੰਘ ਵਿਚਾਲੇ ਹੋਈ ਝੜਪ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ 5 ਸਿੰਘ ਸਹਿਬਾਨਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। 

ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕੀਤੀ ਜਾਵੇਗੀ ਕਾਰਵਾਈ : ਐੱਸ. ਐੱਚ. ਓ. ਸ਼ਰਮਾ
ਥਾਣਾ ਝਬਾਲ ਦੇ ਮੁੱਖੀ ਇੰ. ਮਨੋਜ ਕੁਮਾਰ ਸ਼ਰਮਾ ਨੇ ਪੀੜ੍ਹਤ ਗੱਜਣ ਸਿੰਘ ਦੀ ਸ਼ਿਕਾਇਤ ਮਿਲਣ ਦੀ ਪੁੱਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਲਈ ਏ. ਐੱਸ. ਆਈ. ਰਾਜਬੀਰ ਸਿੰਘ ਦੀ ਡਿਊਟੀ ਲਾਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਮੈਡੀਕਲ ਕਿ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।