ਲੁਧਿਆਣਾ 'ਚ ਪਲਾਸਟਿਕ ਡੋਰ ਦਾ ਕਹਿਰ, ਬੱਚੇ ਦੇ ਗਲੇ ਨੂੰ ਚੀਰਦੀ ਨਿਕਲ ਗਈ, ਕਰਨਾ ਪਿਆ ਆਪਰੇਸ਼ਨ

02/06/2024 12:59:18 PM

ਲੁਧਿਆਣਾ (ਰਾਜ) : ਪੁਲਸ ਦੇ ਲੱਖ ਯਤਨਾਂ ਤੋਂ ਬਾਅਦ ਵੀ ਜਾਨਲੇਵਾ ਪਲਾਸਟਿਕ ਡੋਰ ਸ਼ਹਿਰ ’ਚ ਵਿਕਣੀ ਬੰਦ ਨਹੀਂ ਹੋਈ। ਪਲਾਸਟਿਕ ਡੋਰ ਨੇ ਆਪਣਾ ਕਹਿਰ ਵਰ੍ਹਾਉਂਦੇ ਹੋਏ ਸਾਈਕਲ ’ਤੇ ਜਾ ਰਹੇ ਇਕ ਬੱਚੇ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਉਸ ਦੇ ਗਲੇ ਨੂੰ ਚੀਰਦੀ ਹੋਈ ਨਿਕਲ ਗਈ। ਇਸ ਕਾਰਨ ਬੱਚੇ ਦੇ ਗਲੇ ਦੀ ਉੱਪਰਲੀ ਪਰਤ ਬੁਰੀ ਤਰ੍ਹਾਂ ਕੱਟ ਗਈ ਅਤੇ ਸਾਹ ਦੀ ਨਲੀ ਤੱਕ ਪੁੱਜ ਗਈ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਗਲੇ ’ਤੇ ਟਾਂਕੇ ਲਗਾਏ ਤਾਂ ਬੱਚੇ ਦੀ ਜਾਨ ਬਚ ਸਕੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੀਂਹ ਤੇ ਗੜ੍ਹੇਮਾਰੀ ਦੇ ਨਾਲ ਤੂਫ਼ਾਨ ਦਾ Alert ਜਾਰੀ

ਜਾਣਕਾਰੀ ਮੁਤਾਬਕ ਜਸਕਰਨ ਸਿੰਘ (13) ਪੱਖੋਵਾਲ ਰੋਡ ਸਥਿਤ ਪਿੰਡ ਫੱਲੇਵਾਲ ਦਾ ਰਹਿਣ ਵਾਲਾ ਹੈ। ਉਹ ਸਾਈਕਲ ’ਤੇ ਦਵਾਈ ਲੈਣ ਜਾ ਰਿਹਾ ਸੀ। ਅਚਾਨਕ ਰਸਤੇ ’ਚ ਪਲਾਸਟਿਕ ਡੋਰ ਉਸ ਦੀ ਧੌਣ ’ਚ ਫਸ ਗਈ। ਡੋਰ ਨੇ ਜੈਕੇਟ ਨੂੰ ਚੀਰਦੇ ਹੋਏ ਉਸ ਦਾ ਗਲਾ ਹੀ ਕੱਟ ਦਿੱਤਾ। ਡੋਰ ਦਾ ਕੱਟ ਇੰਨਾ ਡੂੰਘਾ ਸੀ ਕਿ ਗਲੇ ਦੀ ਉੱਪਰਲੀ ਪਰਤ ਪੂਰੀ ਤਰ੍ਹਾਂ ਕੱਟੀ ਗਈ ਸੀ। ਹਸਪਤਾਲ ਦੇ ਡਾ. ਅਸ਼ੀਸ਼ ਗੁਪਤਾ ਮੁਤਾਬਕ ਬੱਚੇ ਨੂੰ ਵੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਨਾਜ਼ੁਕ ਸੀ। ਉਸ ਦੀ ਧੌਣ ਦਾ ਕੱਟ ਦੇਖ ਕੇ ਉਸ ਦੀ ਸਰਜਰੀ ਕਰਨੀ ਪਈ। ਬੱਚੇ ਦੀ ਸਾਹ ਦੀ ਨਲੀ ਤੱਕ ਕੱਟ ਕੇ ਪੁੱਜ ਚੁੱਕਾ ਸੀ, ਜਿਸ ਕਾਰਨ ਉਸ ਦੀ ਸਰਜਰੀ ਕਰ ਕੇ ਜਾਨ ਬਚਾਉਣਾ ਇਕ ਚੁਣੌਤੀ ਸੀ। ਉਨ੍ਹਾਂ ਨੇ ਆਪਰੇਸ਼ਨ ਕਰ ਕੇ ਸਾਹ ਦੀ ਨਲੀ ਨੂੰ ਜੋੜਿਆ। ਫਿਰ ਉੱਪਰਲੀ ਪਰਤ ’ਤੇ ਟਾਂਕੇ ਲਗਾਏ ਗਏ। ਬਹੁਤ ਮੁਸ਼ਕਲ ਨਾਲ ਬੱਚੇ ਦੀ ਜਾਨ ਬਚਾਈ ਜਾ ਸਕੀ।

ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਲਾਲ ਸੂਹਾ ਜੋੜਾ ਤੇ ਚੂੜਾ ਪਾ ਪੇਪਰ ਦੇਣ ਪੁੱਜੀ ਲਾੜੀ, ਸਭ ਰਹਿ ਗਏ ਹੈਰਾਨ
ਪਲਾਸਟਿਕ ਡੋਰ ਦਾ ਕਰੋ ਬਾਈਕਾਟ
ਬੇਸਹਾਰਿਆਂ ਦਾ ਸਹਾਰਾ ਟਰੱਸਟ ਦੇ ਮੁੱਖ ਸੇਵਾਦਾਰ ਗਗਨ ਢੰਡ ਦਾ ਕਹਿਣਾ ਹੈ ਕਿ ਪਲਾਸਟਿਕ ਡੋਰ ਦਾ ਬਾਈਕਾਟ ਹੋਣਾ ਚਾਹੀਦਾ ਹੈ। ਕੁੱਝ ਲੋਕ ਮਾਮੂਲੀ ਲਾਲਚ ਕਾਰਨ ਇਹ ਜਾਨਲੇਵਾ ਡੋਰ ਵੇਚਦੇ ਹਨ ਅਤੇ ਕੁੱਝ ਲੋਕ ਆਪਣੇ ਕੁੱਝ ਦੇਰ ਦੇ ਆਨੰਦ ਲਈ ਇਹ ਡੋਰ ਖ਼ਰੀਦ ਕੇ ਪਤੰਗਬਾਜ਼ੀ ਕਰਦੇ ਹਨ ਪਰ ਇਨ੍ਹਾਂ ਸਭ ’ਚ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ। ਇਹ ਆਪਣੇ ਆਪ ’ਚ ਕੋਈ ਪਹਿਲਾਂ ਹਾਦਸਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ’ਚ ਲੋਕਾਂ ਨੂੰ ਜਾਨ ਤੱਕ ਗੁਆਉਣੀ ਪੈ ਗਈ। ਕੁਝ ਦਿਨ ਪਹਿਲਾਂ ਲੋਹੜੀ ਦੇ ਆਸ-ਪਾਸ ਹੋਏ ਇਕ ਹਾਦਸੇ ’ਚ ਇਕ ਨੌਜਵਾਨ ਅਪਾਹਜ ਹੋ ਗਿਆ। ਡੋਰ ਨਾਲ ਉਸ ਦਾ ਪੈਰ ਹੀ ਕੱਟ ਗਿਆ। ਲੋਕਾਂ ਨੂੰ ਚਾਹੀਦਾ ਹੈ ਕਿ ਪਲਾਸਟਿਕ ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ਦੀ ਸੂਚਨਾ ਪੁਲਸ ਨੂੰ ਦੇਣ ਤਾਂ ਕਿ ਉਨ੍ਹਾਂ ’ਤੇ ਕਾਰਵਾਈ ਹੋ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 

Babita

This news is Content Editor Babita