ਵਿਆਹ ਸਮਾਗਮ 'ਚ ਤਕਰਾਰ ਤੋਂ ਬਾਅਦ ਚੱਲੀ ਗੋਲੀ, 1 ਜ਼ਖਮੀ

03/05/2018 11:49:33 PM

ਧੂਰੀ, (ਸੰਜੀਵ ਜੈਨ)- ਲੰਘੀ ਸ਼ਾਮ ਧੂਰੀ-ਸੰਗਰੂਰ ਰੋਡ 'ਤੇ ਸਥਿਤ ਇਕ ਪੈਲੇਸ ਵਿਖੇ ਵਿਆਹ ਸਮਾਗਮ ਦੌਰਾਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ 'ਚ ਇਕ ਨੌਜਵਾਨ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸਿਵਲ ਹਸਪਤਾਲ ਧੂਰੀ ਵਿਖੇ ਜ਼ੇਰੇ ਇਲਾਜ ਪੀੜਤ ਨਰਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮੀਮਸਾ (ਧੂਰੀ) ਦੇ ਮੁਤਾਬਕ ਲੰਘੇ ਦਿਨ ਉਹ ਇਕ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਲਈ ਸੰਗਰੂਰ ਰੋਡ 'ਤੇ ਸਥਿਤ ਇਕ ਪੈਲੇਸ ਵਿਖੇ ਗਿਆ ਸੀ। ਉਥੇ ਉਸ ਦੇ ਪਿੰਡ ਦੇ ਹੀ ਇਕ ਲੜਕੇ ਅਤੇ ਪਿੰਡ ਸ਼ੇਰਪੁਰ ਸੋਢੀਆਂ ਦੇ ਇਕ ਨੌਜਵਾਨ ਨਾਲ ਕਿਹਾ-ਸੁਣੀ ਹੋ ਗਈ ਸੀ। ਇਸ ਤਕਰਾਰ ਦੌਰਾਨ ਦੂਜੀ ਧਿਰ ਦੇ ਨੌਜਵਾਨਾਂ ਨੇ ਉਸ ਨੂੰ ਪੈਲੇਸ ਦੇ ਬਾਹਰ ਆਉਣ 'ਤੇ ਵੇਖਣ ਦੀ ਗੱਲ ਕਹੀ ਸੀ। ਜਦ ਉਹ ਸ਼ਾਮ ਨੂੰ ਕਰੀਬ 4 ਵਜੇ ਘਰ ਨੂੰ ਜਾਣ ਲਈ ਪੈਲੇਸ ਤੋਂ ਬਾਹਰ ਆਇਆ ਤਾਂ ਉਕਤ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਸਮੇਤ ਉਸ ਨੂੰ ਕਾਰ ਪਾਰਕਿੰਗ ਅੰਦਰ ਘੇਰ ਲਿਆ ਅਤੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। 
ਪੀੜਤ ਮੁਤਾਬਕ ਇਸ ਦੌਰਾਨ ਇਕ ਨੌਜਵਾਨ ਨੇ ਆਪਣੇ ਰਿਵਾਲਵਰ ਨਾਲ ਉਸ ਉੱਪਰ ਲਗਾਤਾਰ ਤਿੰਨ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਸੇ ਦੌਰਾਨ ਗੋਲੀ ਲੱਗਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਜ਼ਖਮੀ ਨੂੰ ਇਲਾਜ ਵਾਸਤੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਡਾ. ਪੁਲਕਿਤ ਜਿੰਦਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਜ਼ਖਮੀ ਦੇ ਦੱਸਣ ਅਤੇ ਦੇਖਣ ਤੋਂ ਜਾਪਦਾ ਹੈ ਕਿ ਗੋਲੀ ਉਸ ਨੂੰ ਛੂਹ ਕੇ ਲੰਘੀ ਹੈ। ਜਦ ਇਸ ਸਬੰਧੀ ਥਾਣਾ ਸਦਰ ਧੂਰੀ ਦੇ ਮੁਖੀ ਗੁਰਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੋਲੀ ਚੱਲਣ ਸਬੰਧੀ ਕੋਈ ਵੀ ਸੂਚਨਾ ਹਾਲੇ ਉਨ੍ਹਾਂ ਕੋਲ ਨਹੀਂ ਹੈ ਅਤੇ ਨਾ ਹੀ ਜ਼ਖਮੀ ਵੱਲੋਂ ਉਨ੍ਹਾਂ ਨੂੰ ਹਾਲੇ ਤੱਕ ਕੋਈ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀੜਤ ਵੱਲੋਂ ਦਿੱਤੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।