ਪੁਰਾਣੀ ਰੰਜਿਸ਼ ਕਾਰਨ ਦੁਕਾਨਦਾਰਾਂ ''ਚ ਖੂਨੀ ਝੜਪ

12/06/2017 7:49:47 AM

ਅੰਮ੍ਰਿਤਸਰ, (ਅਗਨੀਹੋਤਰੀ)- ਥਾਣਾ ਛੇਹਰਟਾ ਅਧੀਨ ਆਉਂਦੇ ਮੇਨ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਪੁਰਾਣੀ ਰੰਜਿਸ਼ ਕਾਰਨ 2 ਦੁਕਾਨਦਾਰਾਂ ਵਿਚ ਖੂਨੀ ਟਕਰਾਅ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਵਾਹਰ ਨਗਰ ਛੇਹਰਟਾ ਨੇ ਦੱਸਿਆ ਕਿ ਮੈਂ ਤੇ ਮੇਰਾ ਪੁੱਤਰ ਗੁਰਵਿੰਦਰ ਸਿੰਘ ਆਪਣੀ ਗੁਰੂਵਰ ਮੋਬਾਇਲ ਦੀ ਦੁਕਾਨ 'ਤੇ ਕੰਮ ਕਰ ਰਹੇ ਸੀ ਤੇ ਕਰੀਬ ਰਾਤ ਸਾਢੇ 8 ਵਜੇ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ਦਾ ਗੁਆਂਢੀ ਵਿਜੇ ਕੁਮਾਰ ਧਵਨ (ਬਿੱਟਾ) ਤੇ ਉਸ ਦੇ 2 ਲੜਕੇ ਆਪਣੇ ਕੁਝ ਹੋਰ ਅਣਪਛਾਤੇ ਸਾਥੀਆਂ ਨਾਲ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੇ ਆਉਂਦਿਆਂ ਹੀ ਬਿਨਾਂ ਗੱਲ ਦੇ ਸਾਡੀ ਦੁਕਾਨ ਦੇ ਅੰਦਰ ਆ ਕੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸਾਡੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਉਪਰੰਤ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਉਨ੍ਹਾਂ 'ਤੇ ਕੋਈ ਹਮਲਾ ਨਹੀਂ ਕੀਤਾ ਗਿਆ, ਜਦਕਿ ਗੁਰੂਵਰ ਮੋਬਾਇਲ ਵਾਲਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਸਾਥੀਆਂ ਨਾਲ ਸਾਡੇ 'ਤੇ ਹਮਲਾ ਬੋਲਿਆ ਤੇ ਸਾਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨੇ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਜਦ ਥਾਣਾ ਮੁਖੀ ਲਖਵਿੰਦਰ ਸਿੰਘ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਥਾਣੇ ਪੁੱਜ ਗਈਆਂ ਹਨ ਤੇ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।