ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਨੂੰ ਲੈ ਕੇ ਵੱਡਾ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

11/28/2023 6:37:46 PM

ਲੁਧਿਆਣਾ (ਖੁਰਾਣਾ) : ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਜ਼ਿਆਦਾਤਰ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਲੱਚਰ ਕਾਰਜਸ਼ੈਲੀ ਅਤੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਕਾਰਨ ਆਮ ਕਰਕੇ ਵਿਵਾਦਾਂ ’ਚ ਘਿਰੇ ਰਹਿੰਦੇ ਹਨ ਪਰ ਹੁਣ ਜੋ ਹੈਰਾਨ ਕਰ ਦੇਣ ਵਾਲਾ ਮਾਮਲਾ ਚਰਚਾ ’ਚ ਆਇਆ ਹੈ, ਉਸ ਨੂੰ ਜਾਣ ਕੇ ਲੋਕਾਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਜਾਵੇਗੀ। ਸਮਾਜਸੇਵੀ ਸੰਸਥਾ ਦੇ ਸਮੀਪ ਕੁਮਾਰ ਨੇ ਦੋਸ਼ ਲਾਏ ਹਨ ਕਿ ਲੋਹਾਰਾ-ਡਾਬਾ ਇਲਾਕੇ ’ਚ ਵਿਭਾਗੀ ਮੁਲਾਜ਼ਮਾਂ ਨਾਲ ਗੰਢਤੁੱਪ ਕਰ ਕੇ ਦੋ-ਦੋ ਲਗਜ਼ਰੀ ਗੱਡੀਆਂ ਸਮੇਤ ਆਲੀਸ਼ਾਨ ਕੋਠੀਆਂ ’ਚ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਵਾਲੇ ਕਈ ਸ਼ਾਹੂਕਾਰ ਲੋਕ ਗਰੀਬ ਪਰਿਵਾਰਾਂ ਨੂੰ ਰਾਸ਼ਨ ਡਿਪੂਆਂ ’ਤੇ ਮਿਲਣ ਵਾਲੀ ਮੁਫਤ ਕਣਕ ’ਤੇ ਡਾਕਾ ਮਾਰ ਰਹੇ ਹਨ। ਸਮਾਜੇਵੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਂਦੀ ਹੈ ਤਾਂ ਇਸ ਸਾਰੇ ਗੋਰਖਧੰਦੇ ’ਚ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਕਥਿਤ ਮੁਲਾਜ਼ਮਾਂ ਸਮੇਤ ਡਿਪੂ ਹੋਲਡਰਾਂ ਖ਼ਿਲਾਫ ਕਈ ਵੱਡੇ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਊਂਟਰ ’ਚੋਂ ਇਕ ਲੱਖ ਰੁਪਏ ਚੋਰੀ, ਘਟਨਾ ਦੇਖ ਸੇਵਾਦਾਰਾਂ ਦੇ ਉੱਡੇ ਹੋਸ਼

ਮਾਮਲੇ ਸਬੰਧੀ ਕੁਝ ਕਥਿਤ ਦਸਤਾਵੇਜ਼ਾਂ ਸਮੇਤ ਫਰਜ਼ੀਵਾੜੇ ਤਹਿਤ ਰਾਸ਼ਨ ਕਾਰਡ ਬਣਵਾਉਣ ਵਾਲੇ ਪਰਿਵਾਰਾਂ ਵੱਲੋਂ ਖਰੀਦੀਆਂ ਗਈਆਂ ਮਹਿੰਗੀਆਂ ਗੱਡੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸਲ ’ਚ ਬੀਤੇ ਦਿਨੀਂ ਰਾਸ਼ਨ ਕਾਰਡਾਂ ਦੀ ਹੋਈ ਜਾਂਚ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਪਰਿਵਾਰਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਸਨ ਪਰ ਹੱਦ ਤਾਂ ਉਦੋਂ ਹੋ ਗਈ, ਜਦੋਂ ਵਿਭਾਗ ’ਚ ਸਰਗਰਮ ਚੰਦ ਰਿਸ਼ਵਤਖੋਰ ਅਤੇ ਭ੍ਰਿਸ਼ਟ ਮੁਲਾਜ਼ਮਾਂ ਨੇ ਗੰਢਤੁੱਪ ਕਰਕੇ ਰੱਦ ਕੀਤੇ ਰਾਸ਼ਨ ਕਾਰਡਾਂ ਨੂੰ ਇਕ ਵਾਰ ਫਿਰ ਚਾਲੂ ਕਰਕੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਦੇ ਅਸਲ ਹੱਕਦਾਰ ਗਰੀਬ ਅਤੇ ਲੜਵੰਦ ਪਰਿਵਾਰਾਂ ਦੇ ਹਿੱਸੇ ਦਾ ਅਨਾਜ ਹੜੱਪਣ ਦਾ ਕਾਲਾ ਧੰਦਾ ਜ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ, ਜਦੋਂਕਿ ਸਹੀ ਅਰਥਾਂ ’ਚ ਯੋਜਨਾ ਦੇ ਅਸਲ ਹੱਕਦਾਰ ਪਰਿਵਾਰ ਅੱਜ ਵੀ ਰਾਸ਼ਨ ਕਾਰਡ ਬਣਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਕੈਨੇਡਾ ਤੋਂ ਮੁੜ ਆਈ ਦਿਲ ਝੰਜੋੜਨ ਵਾਲੀ ਖ਼ਬਰ, 20 ਸਾਲਾ ਕੁੜੀ ਨੂੰ ਠੰਡ ਕਾਰਣ ਪਿਆ ਦੌਰਾ, ਹੋਈ ਮੌਤ

ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੀਤੇ ਦਿਨੀਂ ਪੰਜਾਬ ਦੇ ਕਈ ਸ਼ਹਿਰਾਂ ’ਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧੋਖਾਦੇਹੀ ਅਤੇ ਫਰਜ਼ੀਵਾੜੇ ਜ਼ਰੀਏ ਰਾਸ਼ਨ ਕਾਰਡ ਬਣਾਉਣ ਅਤੇ ਗਰੀਬਾਂ ਦੇ ਹਿੱਸੇ ਦਾ ਅਨਾਜ ਡਕਾਰਨ ਵਾਲੇ ਕੁਝ ਮੁਲਜ਼ਮਾਂ ਦੇ ਰਾਸ਼ਨ ਕਾਰਡ ਰੱਦ ਕਰਨ ਸਮੇਤ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦੇ ਕੇ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਹੈ। ਹੁਣ ਦੇਖਣਾ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਉਕਤ ਮਾਮਲੇ ਦੇ ਸਾਜ਼ਿਸ਼ਕਰਤਾਵਾਂ ਖਿਲਾਫ ਅਤੇ ਕੀ ਕਾਰਵਾਈ ਕਰਦੇ ਹਨ। ਕਾਬਿਲੇਗੌਰ ਹੈ ਕਿ ਖੁਰਾਕ ਸਪਲਾਈ ਵਿਭਾਗ ਦੇ ਕਈ ਮੁਲਾਜ਼ਮਾਂ ਖ਼ਿਲਾਫ ਰਾਸ਼ਨ ਡਿਪੂ ਹੋਲਡਰਾਂ ਨਾਲ ਮਿਲੀਭੁਗਤ ਕਰਕੇ ਮਰੇ ਹੋਏ ਲੋਕਾਂ ਦੇ ਰਾਸ਼ਨ ਕਾਰਡ ਬਣਾਉਣ ਸਮੇਤ ਫਰਜ਼ੀ ਦਸਤਾਵੇਜ਼ਾਂ ਰਾਹੀਂ ਰਾਸ਼ਨ ਕਾਰਡ ਬਣਾ ਕੇ ਸਰਕਾਰੀ ਅਨਾਜ ਦੀ ਕਾਲਾਬਾਜ਼ਾਰੀ ਕਰਨ ਵਰਗੇ ਕਥਿਤ ਗੰਭੀਰ ਦੋਸ਼ ਸਮੇਂ-ਸਮੇਂ ’ਤੇ ਲਗਦੇ ਰਹੇ ਹਨ। ਇੱਥੋਂ ਤੱਕ ਕਿ ਆਟਾ ਚੱਕੀ ਮਾਲਕਾਂ, ਡਿਪੂ ਹੋਲਡਰਾਂ ਅਤੇ ਵਿਭਾਗੀ ਮੁਲਾਜ਼ਮਾਂ ਦੀ ਤਿੱਕੜੀ ਦੇ ਕਈ ਵੱਡੇ ਕਾਰਨਾਮੇ ਵੀ ਮੀਡੀਆ ’ਚ ਸੁਰਖੀਆਂ ਬਟੋਰਦੇ ਰਹੇ ਹਨ। ਕੁਝ ਮਾਮਲਿਆਂ ’ਚ ਤਾਂ ਪੁਲਸ ਵੱਲੋਂ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪਿੰਡ ਰੋਡੇ ਦੇ ਜਸਪ੍ਰੀਤ ਸਿੰਘ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh