ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਜਗਮੀਤ ਬਰਾੜ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਝਟਕਾ

12/02/2022 6:26:34 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਕੋਰ ਕਮੇਟੀ ਦੇ ਐਲਾਨ ਤੋਂ ਬਾਅਦ ਸੀਨੀਅਰ ਆਗੂ ਜਗਮੀਤ ਬਰਾੜ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਬਰਾੜ ਨੇ ਉਨ੍ਹਾਂ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਦੀ 9 ਦਸੰਬਰ ਨੂੰ ਬਕਾਇਦਾ ਮੀਟਿੰਗ ਵੀ ਸੱਦ ਲਈ ਹੈ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਜਗਮੀਤ ਬਰਾੜ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਬਰਾੜ ਨੇ ਉਨ੍ਹਾਂ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮੇਤ 12 ਆਗੂ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ। ਇਸ ਦੇ ਨਾਲ ਹੀ ਬਰਾੜ ਨੇ ਇਸ ਬਾਗੀ ਕਮੇਟੀ ਵਿਚ ਰਵੀ ਕਰਨ ਸਿੰਘ ਕਾਹਲੋਂ, ਸੁੱਚਾ ਸਿੰਘ ਛੋਟੇਪੁਰ ਅਤੇ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਵੀ ਸ਼ਾਮਲ ਹੋਣ ਦੀ ਗੱਲ ਆਖੀ ਸੀ। ਜਦਕਿ ਇਸ ਦੇ ਉਲਟ ਇਨ੍ਹਾਂ ਆਗੂਆਂ ਨੇ ਨਾ ਸਿਰਫ ਖੁਦ ਨੂੰ ਜਗਮੀਤ ਬਰਾੜ ਦੀ ਤਾਲਮੇਲ ਕਮੇਟੀ ਤੋਂ ਵੱਖ ਕਰ ਲਿਆ ਹੈ ਸਗੋਂ ਬਰਾੜ ਵਲੋਂ ਉਨ੍ਹਾਂ ਦਾ ਨਾਂ ਲਏ ਜਾਣ ’ਤੇ ਵੀ ਜਵਾਬੀ ਹਮਲਾ ਵੀ ਬੋਲਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਡਿਟੇਨ ਕੀਤੇ ਗੈਂਗਸਟਰ ਗੋਲਡੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਕੀ ਕਿਹਾ ਰਵੀ ਕਰਨ ਸਿੰਘ ਕਾਹਲੋਂ ਨੇ 

ਤਾਲਮੇਲ ਕਮੇਟੀ ਵਿਚ ਨਾਂ ਸ਼ਾਮਲ ਹੋਣ ਤੋਂ ਬਾਅਦ ਰਵੀ ਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੈਨੂੰ ਪੂਰਨ ਭਰੋਸਾ ਹੈ। ਮੈਂ ਆਪਣੇ ਪਰਿਵਾਰ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਨਿਰਮਲ ਸਿੰਘ ਕਾਹਲੋਂ ਦੀ ਵਿਰਾਸਤ ਲਈ ਪੂਰੀ ਜ਼ਿੰਦਗੀ ਕੰਮ ਕਰਦਾ ਰਹਾਂਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਰਾਨਗੀ ਪ੍ਰਗਟ ਕੀਤੀ ਕਿ ਜਗਮੀਤ ਸਿੰਘ ਬਰਾੜ ਵਲੋਂ ਖੁਦ ਹੀ ਬਣਾਈ ਕਮੇਟੀ ਵਿਚ ਉਨ੍ਹਾਂ ਦਾ ਨਾਮ ਕਿਵੇਂ ਅਤੇ ਕਿਉਂ ਪਾ ਦਿੱਤਾ? ਇਸ ਦੇ ਨਾਲ ਹੀ ਉਨ੍ਹਾਂ ਨੇ ਜਗਮੀਤ ਬਰਾੜ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ ਹੈ। ਪਾਰਟੀ ਅਤੇ ਪਾਰਟੀ ਲੀਡਰਸ਼ਿਪ ਦਾ ਡੱਟ ਕੇ ਅਤੇ ਵਫ਼ਾਦਾਰੀ ਨਾਲ ਸਾਥ ਦੇਣ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਵਿਵਾਦਤ ਬਿਆਨ, ਪੰਜਾਬੀਆਂ ਬਾਰੇ ਆਖ ਗਏ ਵੱਡੀ ਗੱਲ (ਵੀਡੀਓ)

ਕੀ ਕਿਹਾ ਅਲਵਿੰਦਰਪਾਲ ਸਿੰਘ ਪੱਖੋਕੇ ਨੇ

ਇਸ ’ਤੇ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਵੀ ਜਗਮੀਤ ਬਰਾੜ ਵਲੋਂ ਕਮੇਟੀ ਵਿਚ ਉਨ੍ਹਾਂ ਦਾ ਨਾਂ ਐਲਾਨੇ ਜਾਣ ’ਤੇ ਹੈਰਾਨਗੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੂਰਨ ਭਰੋਸਾ ਹੈ। ਉਹ ਹੈਰਾਨ ਹਨ ਕਿ ਜਗਮੀਤ ਸਿੰਘ ਬਰਾੜ ਨੇ ਇਸ ਕਮੇਟੀ ਵਿਚ ਉਨ੍ਹਾਂ ਦਾ ਨਾਂ ਕਿਵੇਂ ਤੇ ਕਿਉਂ ਪਾ ਦਿੱਤਾ?

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਦਲ ਵਲੋਂ ਜਥੇਬੰਧਕ ਢਾਂਚੇ ਦਾ ਗਠਨ, ਕੋਰ ਕਮੇਟੀ ਦਾ ਵੀ ਹੋਇਆ ਐਲਾਨ

ਕੀ ਕਿਹਾ ਸੁੱਚਾ ਸਿੰਘ ਛੋਟੇਪੁਰ ਨੇ

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਕਿਸੇ ਵੀ ਕਮੇਟੀ ਵਿਚ ਸ਼ਾਮਲ ਨਹੀਂ ਹਨ ਅਤੇ ਨਾ ਹੀ ਉਹ ਜਗਮੀਤ ਸਿੰਘ ਬਰਾ਼ੜ ਵਲੋਂ ਐਲਾਨੀ ਗਈ ਕਮੇਟੀ ਵਿਚ ਸ਼ਾਮਲ ਹੋਣਾ ਮਨਾਸਿਬ ਸਮਝਦੇ ਹਨ। 

ਇਹ ਵੀ ਪੜ੍ਹੋ : ਲਾਰੈਂਸ ਦੇ ਕਰੀਬੀ ਰਵੀ ਰਾਜਗੜ੍ਹ ਨੇ 2010 ’ਚ ਰੱਖਿਆ ਸੀ ਅਪਰਾਧ ਦੀ ਦੁਨੀਆਂ ’ਚ ਕਦਮ, ਇੰਝ ਬਣਿਆ ਵੱਡਾ ਗੈਂਗਸਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh