ਏ. ਟੀ. ਓ. ਦੀ ਕੁਰਸੀ ਖਾਲੀ ; ਪ੍ਰਾਈਵੇਟ ਏਜੰਟਾਂ ਦਾ ਕਬਜ਼ਾ

09/22/2017 2:11:01 AM

ਪਾਤੜਾਂ,(ਮਾਨ)- ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਢੰਡਿਆਲ ਰੋਡ 'ਤੇ ਬਣਾਇਆ ਗਿਆ ਡਰਾਈਵਿੰਗ ਲਾਇਸੈਂਸ ਟਰੈਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਟਰੈਕ 'ਤੇ ਜਿੱਥੇ ਪ੍ਰਾਈਵੇਟ ਏਜੰਟਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੈ, ਉਥੇ ਹੀ ਏ. ਟੀ. ਓ. ਤੋਂ ਲੈ ਕੇ ਟ੍ਰਾਂਸਪੋਰਟ ਕਲਰਕ ਤੱਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੋਂ ਤੱਕ ਕਿ ਅਣ-ਅਧਿਕਾਰਤ ਸਰਕਾਰੀ ਮੁਲਾਜ਼ਮਾਂ ਵੀ ਇਸ ਟਰੈਕ ਅੰਦਰ ਕੰਮ ਕਰ ਰਹੇ ਹਨ। ਟ੍ਰਾਂਸਪੋਰਟ ਕਲਰਕ ਦੀ ਪਟਿਆਲੇ ਤੋਂ ਬਦਲੀ ਹੋਏ ਨੂੰ ਕਈ ਹਫਤੇ ਹੋ ਚੁੱਕੇ ਹਨ। ਅਜੇ ਤੱਕ ਉਸ ਵੱਲੋਂ ਅਹੁਦਾ ਨਹੀਂ ਸੰਭਾਲਿਆ ਗਿਆ। ਇਸ ਟਰੈਕ ਵਿਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਦੀ ਬਦਲੀ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਉਸ 'ਤੇ ਬਣਦੀ ਕਾਰਵਾਈ ਨਹੀਂ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਦੀ ਸਹੂਲਤਾਂ ਦੇਣ ਲਈ ਟਰੈਕ ਬਣਾਇਆ ਗਿਆ ਸੀ। ਸਹੂਲਤਾਂ ਤੋਂ ਸੱਖਣੇ ਇਸ ਟਰੈਕ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਸਿੱਧੇ ਰੂਪ 'ਚ ਲੋਕਾਂ ਦੇ ਲਾਇਸੈਂਸ ਬਣਾਉਣ ਦੀ ਬਜਾਏ ਏਜੰਟਾਂ ਰਾਹੀਂ ਵੱਧ ਗਿਣਤੀ 'ਚ ਲਾਇਸੈਂਸ ਬਣਾਏ ਜਾਂਦੇ ਹਨ।  ਸਥਿਤੀ ਇੱਥੋਂ ਤੱਕ ਗੰਭੀਰ ਬਣੀ ਹੋਈ ਹੈ ਕਿ ਟਰੈਕ 'ਤੇ ਕੰਮ ਕਰ ਰਹੇ ਇੱਕ ਮੁਲਾਜ਼ਮ ਖਿਲਾਫ ਆ ਰਹੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਟ੍ਰਾਂਸਪੋਰਟ ਕਲਰਕ ਦੀ ਪਟਿਆਲੇ ਤੋਂ ਬਦਲੀ ਹੋ ਜਾਣ ਤੋਂ ਬਾਅਦ ਵੀ ਇਹ ਸੀਟ ਅਜੇ ਤੱਕ ਖਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੀ ਆੜ ਹੇਠ ਬਿਨਾਂ ਡਿਊਟੀ ਲਾਏ ਕਈ ਮੁਲਾਜ਼ਮ ਇਸ ਟਰੈਕ ਵਿਚ ਕੰਮ ਕਰ ਰਹੇ ਹਨ। 
ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਟਰੈਕ ਅੰਦਰ ਨਿੱਜੀ ਤੌਰ 'ਤੇ ਲੋਕਾਂ ਦੇ ਲਾਈਸੈਂਸ ਬਣਵਾਉਣ ਦਾ ਗੋਰਖਧੰਦਾ ਵੀ ਚਲਦਾ ਹੈ। ਟਰੈਕ ਦੇ ਬਾਹਰ ਗੇਟ ਉੱਤੇ ਨਿੱਜੀ ਏਜੰਟਾਂ ਦੇ ਆਉਣ 'ਤੇ ਪਾਬੰਦੀ ਲਾਈ ਗਈ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਟ੍ਰਾਂਸਪੋਰਟ ਵਿਭਾਗ ਨਾਲ ਸਬੰਧ ਰੱਖਣ ਵਾਲੇ ਅਧਿਕਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰ ਕੇ ਨਿੱਜੀ ਏਜੰਟਾਂ ਦਾ ਦਾਖਲਾ ਬੰਦ ਕੀਤਾ ਜਾਵੇ।