ਏ. ਡੀ. ਸੀ. ਵੱਲੋਂ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦੀ ਕ੍ਰਾਸ ਚੈਕਿੰਗ

03/09/2018 6:13:56 AM

ਕਪੂਰਥਲਾ, (ਗੁਰਵਿੰਦਰ ਕੌਰ, ਜ. ਬ.)- ਡੀ. ਸੀ. ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦੀ ਕ੍ਰਾਸ ਚੈਕਿੰਗ ਕਰਨ ਲਈ ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਆਪਣੀ ਟੀਮ ਸਮੇਤ ਪਿੰਡ ਵਿਲਾ ਕੋਠੀ ਤੇ ਤਲਵੰਡੀ ਮਹਿਮਾ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਫੀਲਡ ਸਟਾਫ ਵੱਲੋਂ ਕੀਤੇ ਗਏ ਵੈਰੀਫਿਕੇਸ਼ਨ ਦੇ ਕੰਮ ਦੀ ਪੂਰੀ ਬਾਰੀਕੀ ਨਾਲ ਪੜਤਾਲ ਕੀਤੀ ਤੇ ਦੱਸਿਆ ਕਿ ਪੜਤਾਲ ਕਰਨ 'ਤੇ ਪਿੰਡ ਵਿਲਾ ਕੋਠੀ ਤੇ ਤਲਵੰਡੀ ਮਹਿਮਾ ਵਿਖੇ ਫੀਲਡ ਸਟਾਫ ਵੱਲੋਂ ਕੀਤਾ ਗਿਆ ਵੈਰੀਫਿਕੇਸ਼ਨ ਦਾ ਕੰਮ ਲਗਭਗ ਠੀਕ ਪਾਇਆ ਗਿਆ ਹੈ। 
ਉਨ੍ਹਾਂ ਪਿੰਡ ਦੇ ਮੋਹਤਬਰਾਂ ਤੇ ਲੋਕਾਂ ਨਾਲ ਵੀ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਕੋਈ ਵੀ ਯੋਗ ਲਾਭਪਾਤਰੀ ਆਟਾ-ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹੇਗਾ ਤੇ ਕਿਸੇ ਵੀ ਅਯੋਗ ਵਿਅਕਤੀ ਦਾ ਨੀਲਾ ਕਾਰਡ ਨਹੀਂ ਬਣਾਇਆ ਜਾਵੇਗਾ। ਇਸ ਮੌਕੇ ਫੂਡ ਇੰਸਪੈਕਟਰ ਸੁਖਚੈਨ ਸਿੰਘ ਤੇ ਰਿਸ਼ਮਾ ਤੋਂ ਇਲਾਵਾ ਸਬੰਧਿਤ ਪਿੰਡਾਂ ਦੇ ਸਰਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ।