ਹੁਸ਼ਿਆਰਪੁਰ ਜ਼ਿਲ੍ਹੇ ''ਚ 92 ਹੋਰ ਪਾਜ਼ੇਟਿਵ ਮਰੀਜ਼ ਆਉਣ ਨਾਲ ਗਿਣਤੀ ਹੋਈ 2038

09/06/2020 8:44:48 PM

ਹੁਸ਼ਿਆਰਪੁਰ, (ਘੁੰਮਣ)- ਅੱਜ ਸ਼ਾਮ 496 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦੇ 92 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2038 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਨਵੇਂ ਆਏ ਕੇਸਾਂ ਵਿਚ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਤ 27, ਹਾਰਟਾ ਬਡਲਾ ਤੋਂ 5, ਪੋਸੀ ਤੋਂ 6, ਮੰਡ ਭੰਡੇਰ ਤੋਂ 3, ਦਸੂਹਾ ਤੋਂ 14, ਭੂੰਗਾ ਤੋਂ 2, ਮੁਕੇਰੀਆਂ ਤੋਂ 19, ਗਡ਼੍ਹਸ਼ੰਕਰ ਤੋਂ 4, ਬੁੱਢਾਬਡ਼ ਤੋਂ 7, ਤਲਵਾਡ਼ਾ ਤੋਂ 1 ਅਤੇ ਪਾਲਦੀ ਤੋਂ 4 ਮਰੀਜ਼ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਜ਼ਿਲੇ ਵਿਚ 2 ਮੌਤਾਂ, ਜਿਨ੍ਹਾਂ ’ਚ ਪਰਮਜੀਤ ਸਿੰਘ (70) ਵਾਸੀ ਸਿੰਬਲੀ ਬਲਾਕ ਪੋਸੀ, ਜੋ ਕਿ ਆਈ. ਵੀ. ਵਾਈ. ਨਵਾਂਸ਼ਹਿਰ ’ਚ ਜ਼ੇਰੇ ਇਲਾਜ ਸੀ ਅਤੇ ਕੁਲਵੰਤ ਸਿੰਘ (63) ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੁਸ਼ਿਆਰਪੁਰ, ਜੋ ਕਿ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਸੀ ਤੇ ਦੋਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਸਨ, ਦੀ ਮੌਤ ਤੋਂ ਬਾਅਦ ਜ਼ਿਲੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 59 ਹੋ ਗਈ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 716 ਨਵੇਂ ਸੈਂਪਲ ਲਏ ਗਏ ਹਨ ਅਤੇ ਜ਼ਿਲੇ ਵਿਚ ਕੋਵਿਡ-19 ਦੇ ਕੁੱਲ ਸੈਂਪਲਾਂ ਦੀ ਗਿਣਤੀ 65,486 ਹੋ ਗਈ ਹੈ। ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 62,447 ਸੈਂਪਲ ਨੈਗੇਟਿਵ, ਜਦਕਿ 1241 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 106 ਸੈਂਪਲ ਇਨਵੈਲਿਡ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 500 ਹੈ। ਇਸ ਤੋਂ ਇਲਾਵਾ 1479 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ।

ਸਿਵਲ ਸਰਜਨ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਅਾਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ ’ਤੇ ਇਸ ’ਤੇ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸਿਹਤ ਕੇਂਦਰਾਂ ਅਤੇ ਈ. ਐੱਸ. ਆਈ. ਹਸਪਤਾਲ ਵਿਖੇ ਸੈਂਪਲਿੰਗ ਦੀ ਸਹੂਲਤ ਹੈ, ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ ਇਹ ਟੈਸਟ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਨੂੰ ਸਹਿਯੋਗ ਦੇਣ।

Bharat Thapa

This news is Content Editor Bharat Thapa