ਇਕੋ ਪਰਿਵਾਰ ਦੇ 8 ਮੈਂਬਰ ‘ਚਿੱਟਾ’ ਵੇਚਣ ਦੇ ਕੇਸ ’ਚ ਖਾ ਰਹੇ ਜੇਲ੍ਹ ਦੀ ਹਵਾ, 9ਵਾਂ ਵੀ ਕੀਤਾ ਕਾਬੂ

08/09/2022 2:30:19 AM

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਪੁਲਸ ਵੱਲੋਂ ਪਿੰਡ ਮੰਡਿਆਣੀ ’ਚ ਚਿੱਟੇ ਦਾ ਗੋਰਖਧੰਦਾ ਕਰਦੇ ਇਕੋ ਪਰਿਵਾਰ ਦੇ 8 ਮੈਂਬਰ ਕਸ਼ਮੀਰ ਸਿੰਘ, ਭੋਲੀ, ਲਾਲੀ ਸਿੰਘ, ਬੰਟੀ, ਧਰਮਪ੍ਰੀਤ, ਗੋਲਡੀ, ਮੁਖਤਿਆਰ ਕੌਰ ਗੁੱਡੀ ਤੇ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ, ਜਦਕਿ ਪਰਿਵਾਰ ਦੇ 9ਵੇਂ ਮੈਂਬਰ ਰਵੀ ਪੁੱਤਰ ਜਗਦੇਵ ਸਿੰਘ ਨੂੰ ਵੀ ਅੱਜ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਾਖਾ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਰਵੀ ਬੀਤੀ ਰਾਤ ਹੀ ਘਰ ਆਇਆ ਸੀ ਤੇ ਸਵੇਰੇ ਪਿੰਡ ਕੁੱਲਗਹਿਣਾ ਵਿਖੇ 3400 ਰੁਪਏ ਹਰਮਨ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮੁੱਲਾਂਪੁਰ ਤੋਂ ਉਧਾਰੇ ਲੈ ਕੇ ਆਪਣੇ ਰਿਸ਼ਤੇਦਾਰ ਭਰਾ ਬਲਵਿੰਦਰ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਮੁੱਲਾਂਪੁਰ ਨਾਲ ਚਿੱਟਾ ਖਰੀਦ ਕੇ ਲਿਆਇਆ ਸੀ। ਇਹ ਦੋਵੇਂ ਤਲਵੰਡੀ-ਮੁੱਲਾਂਪੁਰ ਰੋਡ ’ਤੇ ਖੇਤਾਂ ’ਚ ਹਰਮਨ ਸਿੰਘ ਮੁੱਲਾਂਪੁਰ ਨੂੰ ਦੇਣ ਗਏ ਸਨ, ਜਿੱਥੋਂ ਪਿੰਡ ਦੇ ਲੋਕਾਂ ਜਿਨ੍ਹਾਂ ਦੀ ਪਹਿਲਾਂ ਹੀ ਇਨ੍ਹਾਂ ’ਤੇ ਅੱਖ ਸੀ, ਨੇ ਦਬੋਚ ਲਿਆ ਅਤੇ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਦੇ ਹਵਾਲੇ ਕਰ ਦਿੱਤਾ। ਇਸ ਦੀ ਸੂਚਨਾ ਮਿਲਣ ’ਤੇ ਏ. ਐੱਸ. ਆਈ. ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ।

ਇਹ ਵੀ ਪੜ੍ਹੋ : ਪੁਲਸ ਕਰਮਚਾਰੀ ਨੂੰ ਕਾਰ ਹੇਠ ਕੁਚਲਣ ਵਾਲੇ ਨੌਜਵਾਨਾਂ ਨੂੰ ਕਾਰ ਦੇ ਟਾਇਰ 'ਚ ਗੋਲੀ ਮਾਰ ਕੇ ਕੀਤਾ ਕਾਬੂ, ਦੇਖੋ ਵੀਡੀਓ

ਡੀ. ਐੱਸ. ਪੀ. ਗਿੱਲ ਨੇ ਦੱਸਿਆ ਕਿ ਮੈਂ ਖੁਦ ਮੌਕੇ ’ਤੇ ਜਾ ਕੇ ਇਨ੍ਹਾਂ 3 ਸਮੱਗਲਰਾਂ ਨੂੰ ਹਿਰਾਸਤ ’ਚ ਲੈ ਕੇ ਸੀ. ਆਈ. ਲਿਜਾ ਕੇ ਪੁੱਛਗਿੱਛ ਕੀਤੀ ਅਤੇ ਇਨ੍ਹਾਂ ਕੋਲੋਂ 5 ਬਿੱਟਾਂ ਚਿੱਟੇ ਦੀਆਂ, ਇਕ ਸਰਿੰਜ, ਰੈਪ ਪੇਪਰ, ਪੰਨੀ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਸਬ-ਡਵੀਜ਼ਨ ’ਚ ਚਿੱਟੇ ਦੇ 73 ਵਪਾਰੀਆਂ ’ਤੇ ਕੇਸ ਦਰਜ, 56 ਭੇਜੇ ਜੇਲ੍ਹ : ਡੀ. ਐੱਸ. ਪੀ.

ਡੀ. ਐੱਸ. ਪੀ. ਗਿੱਲ ਨੇ ਦੱਸਿਆ ਕਿ 3 ਮਹੀਨਿਆਂ ’ਚ ਸਬ-ਡਵੀਜ਼ਨ ’ਚ 73 ਨਸ਼ਾ ਵਪਾਰੀਆਂ ਵਿਰੁੱਧ ਕੇਸ ਦਰਜ ਕਰਕੇ 56 ਸਮੱਗਲਰ ਜੇਲ੍ਹ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਥਾਣਾ ਦਾਖਾ ’ਚ 16 ਮੁਕੱਦਮੇ, 37 ਨਾਮਜ਼ਦ ਅਤੇ 24 ਗ੍ਰਿਫ਼ਤਾਰ, ਥਾਣਾ ਜੋਧਾਂ ’ਚ 12 ਮੁਕੱਦਮੇ, 18 ਨਾਮਜ਼ਦ ਤੇ 15 ਗ੍ਰਿਫ਼ਤਾਰ, ਥਾਣਾ ਸੁਧਾਰ ’ਚ 10 ਮੁਕੱਦਮੇ, 18 ਨਾਮਜ਼ਦ ਅਤੇ 17 ਗ੍ਰਿਫ਼ਤਾਰ ਕੀਤੇ ਗਏ ਹਨ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਪਾਰੀਆਂ ਵਿਰੁੱਧ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ, ਕਿਸੇ ਵੀ ਨਸ਼ਾ ਵਪਾਰੀ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਯੂਨੀਅਨ ਪ੍ਰਧਾਨ ਸਣੇ ਅੱਧੀ ਦਰਜਨ ਤੋਂ ਵੱਧ ਲੋਕਾਂ ’ਤੇ ਇੱਟਾਂ ਨਾਲ ਭਰਿਆ ਟਰੱਕ ਖੇਤ ’ਚ ਪਲਟਾਉਣ ਦਾ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh