9 ਘੰਟੇ ਚੱਲੀ ਵਿਧਾਇਕ ਖਹਿਰਾ ਦੀ ਰਿਹਾਇਸ਼ 'ਤੇ ED ਦੀ ਜਾਂਚ, ਸਮਰਥਕਾਂ ਨੇ ਕੀਤਾ ਗੱਡੀਆਂ ਦਾ ਘਿਰਾਓ

03/09/2021 8:11:27 PM

ਭੁਲੱਥ, (ਰਜਿੰਦਰ ਕੁਮਾਰ, ਭੂਪੇਸ਼)- ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਚ ਪਿੰਡ ਰਾਮਗੜ੍ਹ ਵਿਖੇ ਈ.ਡੀ. ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਜਾਂਚ ਕਰੀਬ 9 ਘੰਟੇ ਚੱਲੀ । ਦੱਸ ਦਈਏ ਕਿ ਸਵੇਰੇ ਕਰੀਬ ਅੱਠ ਵਜੇ ਈ.ਡੀ. ਵੱਲੋਂ ਪਿੰਡ ਰਾਮਗੜ੍ਹ ਵਿਖੇ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ 'ਤੇ ਛਾਪੇਮਾਰੀ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਿਸ ਦੌਰਾਨ ਉਨ੍ਹਾਂ ਦੇ ਪੀ.ਏ. ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਘਰ 'ਚ ਵੀ ਜਾਂਚ ਪੜਤਾਲ ਕੀਤੀ ਗਈ ।

ਜਾਂਚ ਨੂੰ ਮੁਕੰਮਲ ਕਰਦੇ ਹੋਏ ਈ.ਡੀ. ਦੀ ਟੀਮ ਸ਼ਾਮ ਦੇ ਕਰੀਬ ਪੰਜ ਵੱਜ ਕੇ ਦਸ ਮਿੰਟ 'ਤੇ ਵਿਧਾਇਕ ਖਹਿਰਾ ਦੇ ਘਰੋਂ ਨਿਕਲੀ। ਇਸ ਦੌਰਾਨ ਵਿਧਾਇਕ ਖਹਿਰਾ ਦੇ ਘਰ ਦੇ ਬਾਹਰ ਪਹਿਲਾਂ ਤੋਂ ਹੀ ਵੱਡੀ ਗਿਣਤੀ 'ਚ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਈ.ਡੀ. ਦੀਆਂ ਗੱਡੀਆਂ ਦਾ ਘਿਰਾਓ ਕਰ ਲਿਆ ਸੀ । ਇਸ ਦੌਰਾਨ ਖਹਿਰਾ ਸਮਰਥਕਾਂ ਨੇ ਜਿੱਥੇ ਵਿਧਾਇਕ ਖਹਿਰਾ ਦੇ ਹੱਕ ਵਿਚ ਸੁਖਪਾਲ ਖਹਿਰਾ ਜ਼ਿੰਦਾਬਾਦ ਦੇ ਨਾਅਰੇ ਲਗਾਏ , ਉੱਥੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਗੂੰਜੇ। ਮੌਕੇ ਤੋਂ ਪਤਾ ਲੱਗਾ ਕਿ ਈ.ਡੀ. ਦੀ ਟੀਮ ਦੀਆਂ 2 ਗੱਡੀਆਂ ਵਿਧਾਇਕ ਖਹਿਰਾ ਦੇ ਪੀ.ਏ. ਮਨੀਸ਼ ਦੀ ਭੁਲੱਥ ਵਿਖੇ ਰਿਹਾਇਸ਼ 'ਤੇ ਜਾਂਚ ਕਰਨ ਲਈ ਚਲੀਆਂ ਗਈਆਂ।

Bharat Thapa

This news is Content Editor Bharat Thapa