10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਜ਼ਿਲੇ ''ਚ 75 ਸੈਂਟਰ ਬਣਾਏ

02/23/2018 7:54:06 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ 4 ਵਿਧਾਨ ਸਭਾ ਹਲਕਿਆਂ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ਵਿਚ ਪੈਂਦੇ ਸਕੂਲਾਂ 'ਚ 10ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਲੈਣ ਲਈ ਜ਼ਿਲੇ ਭਰ 'ਚ ਕੁਲ 75 ਸੈਂਟਰ ਵੱਖ-ਵੱਖ ਥਾਵਾਂ 'ਤੇ ਸਿੱਖਿਆ ਵਿਭਾਗ ਵੱਲੋਂ ਬਣਾਏ ਗਏ ਹਨ। ਇਹ ਜਾਣਕਾਰੀ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਗੋਨਿਆਣਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ ਜ਼ਿਲੇ ਦੇ 285 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਪ੍ਰੀਖਿਆ ਦੇਣ ਲਈ ਆਉਣਗੇ। ਇਸ ਵਾਰ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਜਿਸ ਥਾਂ 'ਤੇ ਸੈਂਟਰ ਬਣਾਇਆ ਜਾਵੇਗਾ, ਉਸ ਥਾਂ ਦੇ ਲੜਕੇ ਅਤੇ ਲੜਕੀਆਂ ਉਸ ਸੈਂਟਰ ਵਿਚ ਪ੍ਰੀਖਿਆ ਨਹੀਂ ਦੇ ਸਕਣਗੇ ਅਤੇ ਉਹ ਹੋਰ ਨੇੜੇ ਦੇ ਸੈਂਟਰ ਵਿਚ ਪ੍ਰੀਖਿਆ ਦੇਣ ਜਾਣਗੇ।
ਜ਼ਿਲਾ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਨਕਲ ਨੂੰ ਰੋਕਣ ਵਾਸਤੇ ਅਜਿਹੇ ਉਪਰਾਲੇ ਕੀਤੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੈਂਟਰ ਅਜਿਹੇ ਹਿਸਾਬ ਨਾਲ ਬਣਾਏ ਗਏ ਹਨ ਕਿ ਬੱਚਿਆਂ ਨੂੰ ਬਹੁਤੀ ਦੂਰ ਪ੍ਰੀਖਿਆ ਦੇਣ ਲਈ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਕਲ ਨੂੰ ਰੋਕਿਆ ਜਾ ਰਿਹਾ ਹੈ। ਪ੍ਰੀਖਿਆ ਦੌਰਾਨ ਰੋਜ਼ਾਨਾ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਕੀਤੀ ਜਾਇਆ ਕਰੇਗੀ। ਸਾਰੇ ਸੈਂਟਰਾਂ 'ਚ ਬੱਚਿਆਂ ਅਤੇ ਸਟਾਫ਼ ਮੈਂਬਰਾਂ ਲਈ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ।
ਕਦੋਂ ਹੋਣਗੀਆਂ ਪ੍ਰੀਖਿਆਵਾਂ
ਜ਼ਿਲਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 12 ਮਾਰਚ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋਣਗੀਆਂ ਤੇ 16 ਮਾਰਚ ਤੱਕ ਚੱਲਣਗੀਆਂ, ਜਦਕਿ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਮਾਰਚ ਤੋਂ ਸ਼ੁਰੂ ਹੋਣਗੀਆਂ ਤੇ 19 ਮਾਰਚ ਤੱਕ ਚੱਲਣਗੀਆਂ।
ਵਿਦਿਆਰਥੀਆਂ ਨੂੰ ਦੂਜੇ ਸੈਂਟਰ 'ਚ ਜਾਣ ਲਈ ਹੋਵੇਗੀ ਔਖ
ਭਾਵੇਂ ਸਿੱਖਿਆ ਵਿਭਾਗ ਨਕਲ ਰੋਕਣ ਲਈ ਪਹਿਲੀ ਵਾਰ ਇਹ ਤਜਰਬਾ ਕਰ ਰਿਹਾ ਹੈ ਕਿ ਜਿਸ ਸਕੂਲ 'ਚ ਸੈਂਟਰ ਹੋਵੇਗਾ, ਉਸ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਬਾਹਰਲੇ ਪਿੰਡ/ਸ਼ਹਿਰ ਪ੍ਰੀਖਿਆਵਾਂ ਦੇਣ ਲਈ ਜਾਣਾ ਪਵੇਗਾ ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਪੱਖ ਹੈ ਕਿ ਇਸ ਤਰ੍ਹਾਂ ਹੋਣ ਨਾਲ ਉਨ੍ਹਾਂ ਨੂੰ ਔਖ ਹੋਵੇਗੀ ਅਤੇ ਆਵਾਜਾਈ ਦੇ ਸਾਧਨ ਜਿਨ੍ਹਾਂ ਕੋਲ ਨਹੀਂ ਹਨ, ਉਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਕੀ ਕਰਨਗੇ। ਸਿੱਖਿਆ ਮਾਹਿਰ ਅਤੇ ਸੇਵਾਮੁਕਤ ਪ੍ਰਿੰ. ਜਸਵੰਤ ਸਿੰਘ ਬਰਾੜ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਸੈਂਟਰ ਹੋਵੇਗਾ, ਉਸ ਸਕੂਲ ਦੇ ਬੱਚਿਆਂ ਨੂੰ ਉੱਥੇ ਹੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ।