ਅਹਿਮਦਪੁਰ (ਮਾਨਸਾ) ਵਿਖੇ ਮਨਾਇਆ ਗਿਆ 71 ਵਾਂ ਰਾਸ਼ਟਰੀ ਸੰਵਿਧਾਨ ਦਿਵਸ

11/27/2020 1:05:02 AM

ਬੁਢਲਾਡਾ,(ਮਨਜੀਤ)- ਭਾਰਤੀ ਸੰਵਿਧਾਨ ਇੱਕ ਪਵਿੱਤਰ ਗ੍ਰੰਥ ਹੈ, ਜੋ ਭਾਰਤ ਦੇਸ਼ ਵਿੱਚ ਵੱਖ-ਵੱਖ ਸੱਭਿਆਚਾਰਾਂ, ਬੋਲੀਆਂ ਅਤੇ ਖਿੱਤਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਭਾਰਤੀ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਜਿਸ ਦੀ ਮੂਲ ਭਾਵਨਾ ਸਮਾਨਤਾ, ਭਾਈਚਾਰਾ ਅਤੇ ਧਰਮ-ਨਿਰਪੱਖਤਾ ਉੱਪਰ ਅਧਾਰਿਤ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਵਿਖੇ 71 ਵੇਂ ਸੰਵਿਧਾਨ ਦਿਵਸ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਮਨਦੀਪ ਸਿੰਘ ਨੇ ਕੀਤਾ। ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਕਰਤੱਵਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। 


ਇਸ ਮੌਕੇ ਮੁੱਖ ਬੁਲਾਰੇ ਜ਼ਿਲ੍ਹਾ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਸੰਬੋਧਨ ਕਰਦਿਆਂ ਸੰਵਿਧਾਨ ਸਭਾ ਗਠਨ ਹੋਣ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਐਕਟ 1919, ਸਾਈਮਨ ਕਮਿਸ਼ਨ ਗੋਲਮੇਜ਼ ਕਾਨਫਰੰਸਾਂ ਅਤੇ ਗੋਵਰਨਮੈਂਟ ਆਫ ਇੰਡੀਆ ਐਕਟ 1935 ਦੇ ਹਵਾਲਿਆਂ ਨਾਲ ਭਾਰਤੀ ਸੰਵਿਧਾਨ ਦੀ ਭ੍ਰਿਸ਼ਟ ਭੂਮੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ।ਉਨ੍ਹਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਆਧੁਨਿਕ ਭਾਰਤ ਦਾ ਆਰਕੀਟੈਕਟ ਦੱਸਦਿਆਂ ਉਨ੍ਹਾਂ ਦੀ ਦੱਬੇ ਕੁਚਲੇ ਅਤੇ ਔਰਤਾਂ ਲਈ ਕੀਤੀ ਘਾਲਣਾ ਨੂੰ ਨਮਨ ਕੀਤਾ।  ਡਾਈਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੰਵਿਧਾਨ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ ਅਤੇ ਉਨ੍ਹਾਂ ਦੀ ਸੰਸਥਾ ਦੇ ਵਿਕਾਸ ਲਈ ਦਾਨੀ ਸੱਜਣਾ ਵੱਲੋਂ ਪਾਏ ਯੋਗਦਾਨ ਬਦਲੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਸਮਾਗਮ ਦਾ ਮੰਚ ਸੰਚਾਲਨ ਅੰਗਰੇਜ਼ੀ ਲੈਕਚਰਾਰ ਸ਼੍ਰੀਮਤੀ ਸਰੋਜ ਰਾਣੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ। 
ਇਸ ਮੌਕੇ ਹੋਈ ਵਿਚਾਰ ਚਰਚਾ ਵਿੱਚ ਵਿਦਿਆਰਥੀ ਹਿਤਾਕਸ਼ਰੀ, ਗੁਰਸਿਮਰਨ ਅਤੇ ਮੁਸਕਾਨ ਨੇ ਵੀ ਭਾਗ ਲਿਆ।  ਸੰਸਥਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡੀ.ਪੀ.ਈ ਸਤਨਾਮ ਸਿੰਘ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।  ਇਸ ਮੌਕੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਵਿਰਦੀ, ਜਗਜੀਤ ਸਿੰਘ, ਲੈਕਚਰਾਰ ਗਿਆਨਦੀਪ ਸਿੰਘ, ਲੈਕਚਰਾਰ ਬਲਤੇਜ ਸਿੰਘ, ਡੀ.ਪੀ.ਈ ਸਤਨਾਮ ਸਿੰਘ, ਬਲਦੇਵ ਸਿੰਗਲਾ, ਹਰਿੰਦਰ ਸਿੰਘ ਵਿਰਦੀ, ਸ਼ਹਿਬਾਜ ਗਰਗ, ਕਾਕਾ ਅਮਰਿੰਦਰ ਸਿੰਘ ਦਾਤੇਵਾਸ ਅਤੇ ਕਪਿਲ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Bharat Thapa

This news is Content Editor Bharat Thapa