70 ਹਜ਼ਾਰ ਕਰੋੜ ਦੀ ਲੁੱਟ ਹੈ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਇਕਰਾਰਨਾਮੇ : ਆਪ

02/12/2019 10:15:40 PM

ਚੰਡੀਗਡ਼੍ਹ, (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲ ਬਾਦਲ ਸਰਕਾਰ ਮੌਕੇ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਬੇਹੱਦ ਲੰਬੇ ਇਕਰਾਰਨਾਮਿਆਂ ਨੂੰ ਤੁਰੰਤ ਰੱਦ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ।

ਅੱਜ ਇੱਥੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਵਿਚ ਮੀਡੀਆ ਨੂੰ ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋਡ਼ਾ ਨੇ ਕਿਹਾ ਕਿ ਬਾਦਲਾਂ ਵਲੋਂ ਤਿੰਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਸੂਬਾ ਦੇ ਲੋਕਾਂ ਦੀਆਂ ਜੇਬਾਂ ’ਤੇ 70 ਹਜ਼ਾਰ ਕਰੋਡ਼ ਰੁਪਏ ਦਾ ਸਿੱਧਾ ਡਾਕਾ ਹੈ। ਉਨ੍ਹਾਂ ਪ੍ਰਚੇਜ਼ ਐਗਰੀਮੈਂਟਸ ਦੀਆਂ ਕਾਪੀਆਂ ਦਿਖਾਉਂਦੇ ਹੋਏ ਦੱਸਿਆ ਕਿ ਇਕਰਾਰਨਾਮੇ ਇੰਨੇ ਜ਼ਿਆਦਾ ਲੋਕ ਅਤੇ ਪੰਜਾਬ ਵਿਰੋਧੀ ਹਨ ਕਿ ਜੇਕਰ ਪੰਜਾਬ ਸਰਕਾਰ ਇਕ ਯੂਨਿਟ ਵੀ ਇਨ੍ਹਾਂ ਥਰਮਲ ਪਲਾਂਟਾਂ ਤੋਂ ਨਹੀਂ ਖ਼ਰੀਦੇਗੀ ਤਾਂ ਵੀ ਹਰ ਮਹੀਨੇ ਮੰਥਲੀ ਫਿਕਸ ਚਾਰਜਿਜ਼ ਦੇਣੇ ਪੈਣੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਹੀ ਗੁਜਰਾਤ ਦੇ ਥਰਮਲ ਪਲਾਂਟ ਨਾਲ ਪ੍ਰਤੀ ਯੂਨਿਟ 17 ਪੈਸੇ ਦਾ ਐਗਰੀਮੈਂਟ ਕੀਤਾ ਹੋਇਆ ਹੈ। ਅਰੋਡ਼ਾ ਨੇ ਦੱਸਿਆ ਕਿ ਸ਼ਾਸਨ ਥਰਮਲ ਪਲਾਂਟ ਅਤੇ ਪੰਜਾਬ ਦੇ ਤਿੰਨੇ ਥਰਮਲ ਪਲਾਂਟਾਂ ਨਾਲ ਕੀਤੇ ਇਕਰਾਰਨਾਮਿਆਂ ਤਹਿਤ ਪ੍ਰਤੀ ਸਾਲ 2800 ਕਰੋਡ਼ ਰੁਪਏ ਦਾ ਵਾਧੂ ਬੋਝ ਬਿਜਲੀ ਖਪਤਕਾਰਾਂ ’ਤੇ ਪੈ ਰਿਹਾ ਹੈ, ਜੋ 25 ਸਾਲਾਂ ਦੇ ਸਮਝੌਤਿਆਂ ਨਾਲ 70 ਹਜ਼ਾਰ ਕਰੋਡ਼ ਰੁਪਏ ਦੀ ਸਿੱਧੀ ਲੁੱਟ ਹੈ।

ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋਡ਼ਾ ਨੇ ਕਿਹਾ ਕਿ ਇਸ ਲੁੱਟ ’ਚ ਬਿਜਲੀ ਕੰਪਨੀਆਂ ਨਾਲ ਬਾਦਲ ਹਿੱਸੇਦਾਰ ਹਨ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖਡ਼ ਸਮੇਤ ਸਾਰੇ ਕਾਂਗਰਸੀ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਇਨ੍ਹਾਂ ਬਹੁ-ਅਰਬੀ ਬਿਜਲੀ ਇਕਰਾਰਨਾਮਿਆਂ ਨੂੰ ਰੱਦ ਕਰਕੇ ਨਵੇਂ ਸਿਰਿਓਂ ਕਰਨ ਦੇ ਦਾਅਵੇ ਕਰਦੇ ਸਨ ਪਰ ਆਪਣੀ ਸਰਕਾਰ ਦੇ 2 ਸਾਲਾਂ ਦੌਰਾਨ ਇਨ੍ਹਾਂ ਨੇ ਕੁੱਝ ਨਹੀਂ ਕੀਤਾ। ਅਮਨ ਅਰੋਡ਼ਾ ਨੇ ਜਾਖਡ਼ ਨੂੰ ਚੁਣੌਤੀ ਦਿੱਤੀ ਕਿ ਉਹ ਸਪੱਸ਼ਟ ਕਰਨ ਕਿ ਨਿੱਜੀ ਬਿਜਲੀ ਕੰਪਨੀਆਂ ਕੋਲ ਨਾਜਾਇਜ਼ ਤੌਰ ’ਤੇ ਜਾਂਦੇ 2800 ਕਰੋਡ਼ ਸਾਲਾਨਾ ’ਚੋਂ ਕਿੰਨਾ ਹਿੱਸਾ ਕੈਪਟਨ ਅਮਰਿੰਦਰ ਸਿੰਘ, ਤੁਹਾਡਾ ਆਪਣਾ (ਜਾਖਡ਼) ਅਤੇ ਕਾਂਗਰਸ ਹਾਈਕਮਾਨ ਨੂੰ ਜਾਂਦਾ ਹੈ।

ਅਮਨ ਅਰੋਡ਼ਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਇਹ ਬਿਜਲੀ ਇਕਰਾਰਨਾਮੇ ਰੱਦ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਸਤਾਏ ਲੋਕਾਂ ਨੂੰ ਨਾਲ ਲੈ ਕੇ ਕਾਂਗਰਸ ਸਰਕਾਰ ਦੇ ਨੱਕ ’ਚ ਦਮ ਕਰ ਦੇਣਗੇ।

Arun chopra

This news is Content Editor Arun chopra