7 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ''ਤੇ, ਹਜ਼ਾਰਾਂ ਕਿਸਾਨਾਂ ਦਿੱਤਾ ਧਰਨਾ

12/14/2017 10:22:50 AM

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਪੰਜਾਬ ਦੀਆਂ 7 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਜ਼ਿਲਾ ਕੰਪਲੈਕਸ ਅੱਗੇ ਹਜ਼ਾਰਾਂ ਕਿਸਾਨਾਂ ਨੇ ਧਰਨਾ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਵਾਅਦੇ ਖਿਲਾਫ ਟਿੱਪਣੀ ਕਰਦਿਆਂ ਕਿਹਾ ਕਿ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜਥੇਬੰਦੀਆਂ ਨੇ ਆਪਣਾ ਮੰਗ-ਪੱਤਰ ਡੀ. ਸੀ. ਬਰਨਾਲਾ ਨੂੰ ਦੇ ਕੇ ਮੁੱਖ ਮੰਤਰੀ ਚੰਡੀਗੜ੍ਹ ਤੱਕ ਪਹੁੰਚਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸ਼ੋਸ਼ਣ ਬੰਦ ਕਰ ਕੇ ਚੋਣ ਵਾਅਦੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਕਿਸਾਨ ਵਿਰੋਧੀ ਨੀਤੀਆਂ ਕਾਰਨ ਸਹਿਕਾਰੀ ਵਪਾਰਕ ਬੈਂਕਾਂ, ਸ਼ਾਹੂਕਾਰ ਆੜ੍ਹਤੀਏ ਨਿੱਜੀ ਵਿੱਤ ਕੰਪਨੀਆਂ ਤੋਂ ਮਜਬੂਰੀ 'ਚ ਲਏ ਕਰਜ਼ੇ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਖਾਲੀ ਚੈੱਕ ਤੇ ਅਸ਼ਟਾਮ ਬੈਂਕਾਂ ਤੇ ਆੜ੍ਹਤੀਆਂ ਤੋਂ ਤੁਰੰਤ ਵਾਪਸ ਕਰਵਾ ਕੇ ਬਹੀਖਾਤਿਆਂ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ, ਕੋਰਟਾਂ 'ਚ ਚੱਲ ਰਹੇ ਕੇਸ ਵਾਪਸ ਲਏ ਜਾਣ, ਕੁਰਕੀਆਂ, ਨਿਲਾਮੀਆਂ, ਗ੍ਰਿਫਤਾਰੀਆਂ 'ਤੇ ਪਾਬੰਦੀ ਲਾਈ ਜਾਵੇ, ਮੂਲਧਨ ਤੋਂ ਵੱਧ ਵਿਆਜ ਵਸੂਲਣ 'ਤੇ ਪਾਬੰਦੀ, ਖੇਤੀ ਜਿਣਸਾਂ ਦਾ ਸਮਰਥਨ ਮੁੱਲ ਡਾ. ਸਵਾਮੀਨਾਥਨ ਕਮਿਸ਼ਨ ਅਨੁਸਾਰ ਦਿੱਤਾ ਜਾਵੇ, ਬੇਸਹਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ, ਪਰਾਲੀ ਸਾੜਨ ਵਿਰੁੱਧ ਕਿਸਾਨਾਂ 'ਤੇ ਪਾਏ ਪੁਲਸ ਕੇਸ ਤੇ ਜੁਰਮਾਨੇ ਖਤਮ ਕੀਤੇ ਜਾਣ, ਬਦਲਵੀਆਂ ਫਸਲਾਂ ਆਲੂ, ਟਮਾਟਰ, ਦਾਲਾਂ ਆਦਿ ਦੇ ਭਾਅ ਸਵਾਮੀਨਾਥਨ ਕਮਿਸ਼ਨ ਅਨੁਸਾਰ ਦਿੱਤੇ ਜਾਣ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਗੁਰਮੀਤ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ ਕਲਾਂ, ਕਰਮ ਸਿੰਘ ਬਲਿਆਲ, ਕਰਮਜੀਤ ਸਿੰਘ ਛੰਨਾ, ਪਰਮਜੀਤ ਸਿੰਘ, ਹਰਪਾਲ ਸਿੰਘ ਛਾਂਜਲੀ, ਦਰਸ਼ਨ ਸਿੰਘ ਕੁੰਨਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।