ਮਕਾਨ ਦੀ ਛੱਤ ਡਿੱਗਣ ਨਾਲ 5 ਬੱਚਿਆਂ ਸਮੇਤ 7 ਵਿਅਕਤੀ ਜ਼ਖ਼ਮੀ

06/28/2018 6:07:55 AM

ਕਪੂਰਥਲਾ, (ਭੂਸ਼ਣ, ਮਲਹੋਤਰਾ)- ਸ਼ਹਿਰ 'ਚ ਬੁੱਧਵਾਰ ਨੂੰ ਪੂਰਾ ਦਿਨ ਹੋਈ ਬਾਰਿਸ਼ ਦੌਰਾਨ ਸਥਾਨਕ ਮੁਹੱਲਾ ਮਲਕਾਨਾ ਵਿਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਜਿਥੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਉਥੇ ਹੀ ਇਸ ਦੌਰਾਨ ਘਰ 'ਚ ਰਹਿ ਰਹੇ 5 ਬੱਚਿਆਂ ਸਮੇਤ 7 ਲੋਕ ਗੰਭੀਰ ਜ਼ਖ਼ਮੀ ਹੋ ਗਏ।  ਜਾਣਕਾਰੀ ਅਨੁਸਾਰ ਮਲਕਾਨਾ ਮੁਹੱਲਾ ਵਿਸ਼ਨੂੰ ਪੁੱਤਰ ਅਸ਼ੋਕ ਕੁਮਾਰ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ, ਇਸ ਦੌਰਾਨ ਬੁੱਧਵਾਰ ਨੂੰ ਹੋਈ ਬਾਰਿਸ਼ ਦੌਰਾਨ ਉਸ ਦੀ ਘਰ ਦੀ ਇਕ ਦਮ ਛੱਤ ਡਿੱਗ ਗਈ। ਜਿਸ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ । ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੇ ਪੀ. ਸੀ. ਆਰ. ਟੀਮ ਦੀ ਮਦਦ ਨਾਲ ਘਰ ਵਿਚ ਮੌਜੂਦ ਬੱਚਿਆਂ ਅਤੇ ਹੋਰ ਲੋਕਾਂ ਨੂੰ ਕੱਢ ਲਿਆ । ਜਿਸ ਦੌਰਾਨ 5 ਬੱਚਿਆਂ ਸਮੇਤ ਕੁਲ 7 ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ। 
ਘਟਨਾ ਥਾਂ 'ਤੇ ਮੌਜੂਦ ਵਿਸ਼ਨੂੰ ਨੇ ਦੱਸਿਆ ਕਿ ਉਹ 7 ਭੈਣ ਭਰਾ ਹਨ, ਜਿਨ੍ਹਾਂ 'ਚੋਂ 2 ਭੈਣਾਂ ਦਾ ਵਿਆਹ ਹੋ ਚੁੱਕਿਆ ਹੈ, ਇਕ ਭੈਣ ਆਪਣੇ ਬੱਚਿਆਂ ਦੇ ਨਾਲ ਉਸ ਦੇ ਕੋਲ ਹੀ ਰਹਿੰਦੀ ਹੈ, ਉਸ ਦਾ ਜੀਜਾ ਮੋਨੂ ਵਾਸੀ ਬਸਤੀ ਸ਼ੇਖ ਜਲੰਧਰ ਵੀ ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਬੱਚਿਆਂ ਮਹਿਕ, ਪਾਰੁਲ, ਸ਼ਾਲੀ ਦੇ ਨਾਲ ਉਸ ਕੋਲ ਆਏ ਹੋਏ ਸਨ, ਉਥੇ ਹੀ ਉਸ ਦੇ ਦੂਜੀ ਭੈਣ ਦੇ ਦੋਨੋਂ ਬੱਚੇ ਪਰੀ ਅਤੇ ਡੇਢ ਸਾਲ ਦਾ ਪ੍ਰਥਮ ਆਪਣੇ ਪਿਤਾ ਅਸ਼ੋਕ ਕੁਮਾਰ ਦੇ ਨਾਲ ਕਮਰੇ 'ਚ ਟੀ. ਵੀ. ਦੇਖ ਰਹੇ ਸਨ । ਉਦੋਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਿਸ ਕਾਰਨ ਉਹ ਜ਼ਖ਼ਮੀ ਹੋ ਗਏ । 
ਸ਼ਹਿਰ 'ਚ ਕਈ ਥਾਵਾਂ 'ਤੇ ਅਸੁਰੱਖਿਤ ਘਰਾਂ 'ਚ ਰਹਿ ਰਹੇ ਹਨ ਕਈ ਲੋਕ 
ਸ਼ਹਿਰ 'ਚ ਕਈ ਥਾਵਾਂ 'ਤੇ ਇਸ ਤਰ੍ਹਾਂ ਦੇ ਅਸੁਰੱਖਿਤ ਘਰਾਂ 'ਚ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਰਹਿ ਰਹੇ ਹਨ। ਜਿਨ੍ਹਾਂ ਨੂੰ ਕਾਫ਼ੀ ਸਾਲ ਪਹਿਲਾਂ ਅਸੁਰੱਖਿਤ ਐਲਾਨ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਮਕਾਨਾਂ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ ਇਕ ਵਾਰ ਦੇਖਣ ਤੇ ਹੀ ਇਸ ਦੀ ਜ਼ਮੀਨੀ ਹਕੀਕਤ ਸਾਹਮਣੇ ਆ ਜਾਂਦੀ ਹੈ । ਮਕਾਨਾਂ ਦੀ ਹਾਲਤ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਮਾਨਸੂਨ ਦੀ ਸ਼ੁਰੂਆਤ 'ਚ ਹੀ ਇਨ੍ਹਾਂ ਮਕਾਨਾਂ ਨੂੰ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਜੇਕਰ ਕੋਈ ਠੋਸ ਨੀਤੀ ਨਾ ਅਪਨਾਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।  
ਗੌਰ ਹੋਵੇ ਕਿ ਬੀਤੇ 2 ਦਹਾਕਿਆਂ ਦੌਰਾਨ ਜ਼ਿਲੇ 'ਚ ਮਾਨਸੂਨ ਦੇ ਮੌਮਸ ਦੀ ਮਕਾਨ ਡਿੱਗਣ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਕਈ ਲੋਕ ਜਾਂ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਜਾਂ ਫਿਰ ਗੰਭੀਰ ਜ਼ਖ਼ਮੀ ਹੋਏ ਹਨ।