7 ਡਰੰਮ ਅਲਕੋਹਲ ਸਣੇ ਕਾਬੂ

04/20/2018 5:03:25 AM

ਸਰਾਏ ਅਮਾਨਤ ਖਾਂ,   (ਨਰਿੰਦਰ, ਰਾਜੂ)-  ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਪੁਲਸ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਥਾਣਾਂ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਣਾਉਣ ਲਈ ਰੱਖੀ ਅਲਕੋਹਲ ਫੜੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਅੰਗਰੇਜ਼ ਸਿੰਘ ਨੂੰ ਸੂਚਨਾ ਮਿਲੀ ਕਿ ਗੰਡੀਵਿੰਡ ਨੇੜੇ ਇਕ ਇੱਟਾਂ ਦੇ ਭੱਠੇ 'ਤੇ ਬਣੇ ਮਜ਼ਦੂਰਾਂ ਦੇ ਕੁਆਰਟਰਾਂ 'ਚ ਵੱਡੀ ਪੱਧਰ 'ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਮਨੁੱਖੀ ਸਿਹਤ ਲਈ ਹਾਨੀਕਾਰਕ ਅਲਕੋਹਲ ਰੱਖੀ ਹੋਈ ਹੈ ਜਿਸ 'ਤੇ ਕਾਰਵਾਈ ਕਰਦਿਆਂ ਥਾਣੇਦਾਰ ਅੰਗਰੇਜ਼ ਸਿੰਘ ਨੇ ਪੁਲਸ ਪਾਰਟੀ ਸਣੇ ਮਜ਼ਦੂਰਾਂ ਦੇ ਕੁਆਰਟਰਾਂ 'ਚ ਛਾਪਾ ਮਾਰਿਆ ਤਾਂ ਉਥੇ ਪਿੰਡ ਭੁੱਚਰ ਕਲਾਂ ਦੇ ਰਹਿ ਰਹੇ ਵਿਅਕਤੀ ਜਰਨੈਲ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਕੁਆਰਟਰ 'ਚੋਂ 7 ਡਰੰਮ ਅਲਕੋਹਲ ਜੋ ਕਿ 14 ਲੱਖ ਐੱਮ. ਐੱਲ. ਬਣਦੀ ਹੈ, ਮੌਕੇ 'ਤੇ ਫੜੀ ਗਈ ਜਦੋਂਕਿ ਹਰਜਿੰਦਰ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਅਲਕੋਹਲ ਨਾਲ ਵੱਡੀ ਪੱਧਰ 'ਤੇ ਨਾਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਕਿ ਮਨੁੱਖੀ ਸਿਹਤ ਲਈ ਅਤਿ ਹਾਨੀਕਾਰਕ ਹੈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਹਰਜਿੰਦਰ ਸਿੰਘ ਵਾਸੀ ਭੁੱਚਰ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।