''ਪੰਜਾਬ ਰਾਜ ''ਚ ਬੀਤੇ ਚਾਰ ਦਿਨਾਂ ''ਚ 7,72,605 ਗੈਸ ਸਿਲੰਡਰ ਵੰਡੇ ਗਏ''

04/06/2020 12:02:48 AM

ਚੰਡੀਗਡ਼੍ਹ, (ਸ਼ਰਮਾ)- ਪੰਜਾਬ ਰਾਜ ’ਚ ਬੀਤੇ ਚਾਰ ਦਿਨਾਂ ’ਚ 7,72,605 ਗੈਸ ਸਿਲੰਡਰ ਵੰਡੇ ਗਏ ਹਨ, ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਦਿੱਤੀ ਗਈ। ਆਸ਼ੂ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਸੂਬੇ ਦੇ ਸਮੂਹ ਬਾਸ਼ਿੰਦਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੁਝ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 7,72,605 ਗੈਸ ਸਿਲੰਡਰਾਂ ’ਚੋਂ 4,46,787 ਗੈਸ ਸਿਲੰਡਰ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ, 1,57,523 ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਅਤੇ 1,68,295 ਗੈਸ ਸਿਲੰਡਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ। ਆਸ਼ੂ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ’ਚ ਗੈਸ ਸਿਲੰਡਰਾਂ ਦੀ ਸਪਲਾਈ ਬਾ-ਦਸਤੂਰ ਜਾਰੀ ਰਹੇਗੀ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਮੌਜੂਦਾ ਸਮੇਂ ’ਚ ਕਿਸੇ ਵੀ ਉਪਭੋਗਤਾ ਨੂੰ ਗੈਸ ਸਿਲੰਡਰ ਖਰੀਦਣ ਜਾਂ ਭਰਵਾਉਣ ਲਈ ਗੈਸ ਏਜੰਸੀ ਵਿਖੇ ਜਾਣ ਦੀ ਇਜਾਜ਼ਤ ਨਹੀਂ ਹੈ। ਜਿਸ ਵੀ ਉਪਭੋਗਤਾ ਨੇ ਗੈਸ ਸਿਲੰਡਰ ਲੈਣਾ ਹੈ ਉਹ ਫ਼ੋਨ ਰਾਹੀਂ ਆਪਣਾ ਆਰਡਰ ਦੇਣ ਅਤੇ ਗੈਸ ਏਜੰਸੀ ਵਲੋਂ ਸਿਲੰਡਰ ਘਰ ਪੁੱਜਦਾ ਕੀਤਾ ਜਾਵੇਗਾ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa